ਹਰਿਆਣਾ: ਜੀਂਦ ਕਿਸਾਨ ਮਹਾਪੰਚਾਇਤ ’ਚ ਪਾਸ ਹੋਇਆ ਮਤਾ, ਲਏ ਗਏ 5 ਵੱਡੇ ਫ਼ੈਸਲੇ

Wednesday, Feb 03, 2021 - 03:46 PM (IST)

ਹਰਿਆਣਾ: ਜੀਂਦ ਕਿਸਾਨ ਮਹਾਪੰਚਾਇਤ ’ਚ ਪਾਸ ਹੋਇਆ ਮਤਾ, ਲਏ ਗਏ 5 ਵੱਡੇ ਫ਼ੈਸਲੇ

ਜੀਂਦ— ਹਰਿਆਣਾ ਦੇ ਜ਼ਿਲ੍ਹੇ ਜੀਂਦ ਨੇੜੇ ਕੰਡੇਲਾ ਖਾਪ ਦੀ ਮੇਜ਼ਬਾਨੀ ’ਚ ਅੱਜ ਯਾਨੀ ਕਿ ਬੁੱਧਵਾਰ ਨੂੰ ਮਹਾਪੰਚਾਇਤ ਬੁਲਾਈ ਗਈ। ਇਸ ਮਹਾਪੰਚਾਇਤ ’ਚ ਵੱਡੀ ਗਿਣਤੀ ’ਚ ਕਿਸਾਨ ਇਕੱਠੇ ਹੋਏ। ਮਹਾਪੰਚਾਇਤ ਕਿਸਾਨ ਅੰਦੋਲਨ ਦੇ ਸਮਰਥਨ ’ਚ ਬੁਲਾਈ ਗਈ। ਇਸ ’ਚ ਭਾਰਤੀ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਪੁੱਜੇ। ਰਾਕੇਸ਼ ਟਿਕੈਤ ਤੋਂ ਇਲਾਵਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚਢੂਨੀ ਵੀ ਇਸ ਮਹਾਪੰਚਾਇਤ ’ਚ ਪੁੱਜੇ। ਮਹਾਪੰਚਾਇਤ ਵਿਚ ਕਿਸਾਨ ਆਗੂਆਂ ਵਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ।

ਕਿਸਾਨ ਆਗੂਆਂ ਵਲੋਂ ਮਹਾਪੰਚਾਇਤ ਵਿਚ ਇਕ ਮਤਾ ਪਾਸ ਕੀਤਾ ਗਿਆ ਹੈ, ਜਿਸ ’ਚ 5 ਵੱਡੇ ਫ਼ੈਸਲੇ ਲਏ ਗਏ-
1. ਤਿਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਸਤਾਵ ਪਾਸ ਕੀਤਾ ਗਿਆ, ਜਿਸ ’ਚ ਕਾਨੂੰਨ ਵਾਪਸੀ ਦੀ ਮੰਗ ਕੀਤੀ ਗਈ।
2. ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਗਰੰਟੀ ਕਾਨੂੰਨ ਬਣਾਇਆ ਜਾਵੇ।
3. ਕਿਸਾਨਾਂ ਖ਼ਿਲਾਫ਼ 26 ਜਨਵਰੀ ਨੂੰ ਦਰਜ ਕੇਸ ਵਾਪਸ ਲਏ ਜਾਣ।
4. ਗਿ੍ਰਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ। 
5. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਜਾਣ।

ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਦੇ ਦਿਨ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੀ ਗਈ ਸੀ, ਜਿਸ ’ਚ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਹਿੰਸਾ ਹੋਈ ਸੀ। ਕਿਸਾਨਾਂ ਅਤੇ ਪੁਲਸ ਵਿਚਾਲੇ ਹਿੰਸਕ ਝੜਪਾਂ ਹੋਈਆਂ। ਇਸ ਦੌਰਾਨ ਲਾਲ ਕਿਲ੍ਹੇ ਕੰਪਲੈਕਸ ’ਚ ਵੱਡੀ ਗਿਣਤੀ ’ਚ ਪ੍ਰਦਰਸ਼ਨਕਾਰੀ ਪੁੱਜੇ, ਜਿੱਥੇ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ ਸੀ। ਇਸ ਮਾਮਲੇ ’ਚ ਦਿੱਲੀ ਪੁਲਸ ਨੇ ਕਈ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਅਤੇ ਕੇਸ ਦਰਜ ਕੀਤੇ ਗਏ ਹਨ। ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲਸ ਵਲੋਂ ਜਾਂਚ ਜਾਰੀ ਹੈ।

ਦੱਸ ਦੇਈਏ ਕਿ ਗਣਤੰਤਰ ਦਿਵਸ ਹਿੰਸਾ ਅਤੇ ਲਾਲ ਕਿਲ੍ਹੇ ’ਤੇ ਜੋ ਘਟਨਾ ਹੋਈ ਸੀ, ਉਸ ਮਗਰੋਂ ਕਿਸਾਨਾਂ ਦਾ ਹੌਸਲਾ ਟੁੱਟ ਗਿਆ ਸੀ। ਇਸ ਤਰ੍ਹਾਂ ਗਾਜ਼ੀਪੁਰ ਸਰਹੱਦ ’ਤੇ ਡਟੇ ਕਿਸਾਨ ਨੂੰ ਜ਼ਬਰਨ ਉਠਾਉਣ ਦੀ ਪੁਲਸ ਵਲੋਂ ਕੋਸ਼ਿਸ਼ਾਂ ਵੀ ਕੀਤੀਆਂ ਹਨ। ਇਸ ਦਰਮਿਆਨ ਰਾਕੇਸ਼ ਟਿਕੈਤ ਮੀਡੀਆ ਸਾਹਮਣੇ ਫੁਟ-ਫੁਟ ਕੇ ਰੋਏ। ਉਨ੍ਹਾਂ ਦੇ ਹੰਝੂਆਂ ਅਤੇ ਭਾਵਨਾਤਮਕ ਅਪੀਲ ਨੇ ਕਿਸਾਨੀ ਘੋਲ ’ਚ ਨਵੀਂ ਜਾਨ ਫੂਕਣ ਦਾ ਕੰਮ ਕੀਤਾ। ਮੁਜ਼ੱਫਰਨਗਰ ’ਚ ਮਹਾਪੰਚਾਇਤ ਬੁਲਾਈ ਗਈ ਸੀ, ਜਿਸ ਤੋਂ ਬਾਅਦ ਰਾਤੋ-ਰਾਤ ਸਰਹੱਦ ’ਤੇ ਕਿਸਾਨਾਂ ਦਾ ਵੱਡਾ ਹਜ਼ੂਮ ਪਹੁੰਚਣਾ ਸ਼ੁਰੂ ਹੋ ਗਿਆ। 


author

Tanu

Content Editor

Related News