15 ਲੱਖ ਦਾ ਬੀਮਾ, ਔਰਤਾਂ ਨੂੰ 2500 ਰੁਪਏ... ਝਾਰਖੰਡ ''ਚ ''ਇੰਡੀਆ'' ਨੇ ਕੀਤਾ ''7 ਗਾਰੰਟੀਆਂ'' ਦਾ ਐਲਾਨ
Tuesday, Nov 05, 2024 - 08:45 PM (IST)
ਨਵੀਂ ਦਿੱਲੀ- ਝਾਰਖੰਡ ਚੋਣਾਂ 'ਚ ਕੁਝ ਹੀ ਦਿਨ ਬਚੇ ਹਨ। ਅਜਿਹੇ 'ਚ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਲੁਭਾਉਣ 'ਚ ਜੁਟੀਆਂ ਹਨ। ਇਸੇ ਕੜੀ 'ਚ ਭਾਜਪਾ ਤੋਂ ਬਾਅਦ ਹੁਣ INDIA ਬਲਾਕ ਨੇ ਵੀ ਆਪਣੀ ਚੋਣ ਗਾਰੰਟੀ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਜੇ.ਐੱਮ.ਐੱਮ. ਪ੍ਰਧਾਨ ਹੇਮੰਤ ਸੋਰੇਨ ਸਮੇਤ 'ਇੰਡੀਆ' ਬਲਾਕ ਦੇ ਨੇਤਾਵਾਂ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ਵਿਚ 7 ਗਾਰੰਟੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ 'ਚ ਔਰਤਾਂ ਨੂੰ 2500 ਰੁਪਏ, ਗਰੀਬ ਪਰਿਵਾਰਾਂ ਲਈ 450 ਰੁਪਏ 'ਚ ਸਿਲੰਡਰ ਅਤੇ 7 ਕਿਲੋ ਰਾਸ਼ਨ ਆਦਿ ਸ਼ਾਮਲ ਹਨ।
INDIA ਬਾਲਕ ਨੇ ਜਾਰੀ ਕੀਤੀਆਂ ਇਹ 7 ਗਾਰੰਟੀਆਂ
1. 1931 ਆਧਾਰਿਤ ਖਤਿਆਨ ਦੀ ਗਾਰੰਟੀ- ਇਸ ਵਿੱਚ 1932 ਦੇ ਖਾਤਿਆਨ 'ਤੇ ਆਧਾਰਿਤ ਸਥਾਨਕ ਨੀਤੀ ਲਿਆਉਣ, ਸਰਨਾ ਧਰਮ ਕੋਡ ਨੂੰ ਲਾਗੂ ਕਰਨ ਦੇ ਨਾਲ-ਨਾਲ ਖੇਤਰੀ ਭਾਸ਼ਾ ਅਤੇ ਸੱਭਿਆਚਾਰ ਨੂੰ ਸੰਭਾਲਣ ਦਾ ਸੰਕਲਪ ਕਰਨ ਦਾ ਵਾਅਦਾ ਕੀਤਾ ਗਿਆ ਹੈ।
2. ਔਰਤਾਂ ਦੇ ਸਨਮਾਨ ਦੀ ਗਾਰੰਟੀ- ਦਸੰਬਰ 2024 ਤੋਂ ਮਈਆ ਸਨਮਾਨ ਯੋਜਨਾ ਤਹਿਤ ਔਰਤਾਂ ਨੂੰ 2500 ਰੁਪਏ ਦਾ ਮਾਣ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਹੈ।
3. ਸਮਾਜਿਕ ਨਿਆਂ ਦੀ ਗਾਰੰਟੀ- ਐੱਸ.ਟੀ.-28 ਫੀਸਦੀ, ਐੱਸ.ਸੀ.-12 ਫੀਸਦੀ, ਓ.ਬੀ.ਸੀ. 27 ਫੀਸਦੀ ਅਤੇ ਘੱਟ ਗਿਣਤੀ ਹਿੱਤਾਂ ਦੀ ਰੱਖਿਆ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਮੰਤਰਾਲਾ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ।
4. ਭੋਜਨ ਸੁਰੱਖਿਆ ਦੀ ਗਾਰੰਟੀ- ਪ੍ਰਤੀ ਵਿਅਕਤੀ 7 ਕਿਲੋ ਰਾਸ਼ਨ ਵੰਡਣ ਦਾ ਵਾਅਦਾ। ਇਸ ਤੋਂ ਇਲਾਵਾ ਸੂਬੇ ਦੇ ਹਰ ਗਰੀਬ ਪਰਿਵਾਰ ਨੂੰ 450 ਰੁਪਏ ਵਿੱਚ ਗੈਸ ਸਿਲੰਡਰ ਦੇਣ ਦਾ ਵਾਅਦਾ ਕੀਤਾ ਗਿਆ ਹੈ।
5. ਰੁਜ਼ਗਾਰ ਅਤੇ ਸਿਹਤ ਸੁਰੱਖਿਆ ਦੀ ਗਾਰੰਟੀ- ਝਾਰਖੰਡ ਦੇ 10 ਲੱਖ ਨੌਜਵਾਨਾਂ ਅਤੇ ਔਰਤਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਹੈ। ਨਾਲ ਹੀ ਇਸ ਗਾਰੰਟੀ ਤਹਿਤ 15 ਲੱਖ ਰੁਪਏ ਤੱਕ ਦਾ ਪਰਿਵਾਰਕ ਸਿਹਤ ਬੀਮਾ ਦੇਣ ਦਾ ਵਾਅਦਾ ਕੀਤਾ ਗਿਆ ਹੈ।
6. ਸਿੱਖਿਆ ਦੀ ਗਾਰੰਟੀ- ਸੂਬੇ ਦੇ ਸਾਰੇ ਬਲਾਕਾਂ ਵਿੱਚ ਡਿਗਰੀ ਕਾਲਜ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਇੰਜੀਨੀਅਰਿੰਗ, ਮੈਡੀਕਲ ਕਾਲਜ ਅਤੇ ਯੂਨੀਵਰਸਿਟੀਆਂ ਸਥਾਪਤ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਉਦਯੋਗਿਕ ਪ੍ਰਮੋਸ਼ਨ ਨੀਤੀ ਲਿਆਉਂਦੇ ਹੋਏ ਸੂਬੇ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ 500 ਏਕੜ ਦੇ ਉਦਯੋਗਿਕ ਪਾਰਕ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ।
7. ਕਿਸਾਨ ਭਲਾਈ ਦੀ ਗਾਰੰਟੀ- ਇਸ ਗਾਰੰਟੀ ਵਿੱਚ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2400 ਰੁਪਏ ਤੋਂ ਵਧਾ ਕੇ 3200 ਰੁਪਏ ਕਰਨ ਦੇ ਨਾਲ-ਨਾਲ ਲਾਹ, ਤਸਰ, ਕਰੰਜ, ਇਮਲੀ, ਮਹੂਆ, ਚਿਰਾਂਜੀ, ਸਲ ਬੀਜ ਆਦਿ ਦੇ ਸਮਰਥਨ ਮੁੱਲ ਵਿੱਚ 50 ਰੁਪਏ ਦਾ ਵਾਧਾ ਕਰਨ ਦਾ ਵਾਅਦਾ ਕੀਤਾ ਗਿਆ ਹੈ।