ਝਾਰਖੰਡ ਕਾਂਗਰਸ ਵਿਧਾਇਕ ਦੀ ਵਿਗੜੀ ਤਬੀਅਤ, ਏਅਰ ਐਂਬੂਲੈਂਸ ਰਾਹੀਂ ਭੇਜਿਆ ਦਿੱਲੀ
Saturday, May 02, 2020 - 02:50 PM (IST)

ਰਾਂਚੀ-ਝਾਰਖੰਡ 'ਚ ਬੇਰੋਮੋ ਤੋਂ ਕਾਂਗਰਸ ਵਿਧਾਇਕ ਰਾਜਿੰਦਰ ਪ੍ਰਸਾਦ ਸਿੰਘ ਦੀ ਤਬੀਅਤ ਵਿਗੜ ਗਈ ਹੈ। ਉਨ੍ਹਾਂ ਦੇ ਫੇਫੜਿਆਂ 'ਚ ਇਨਫੈਕਸ਼ਨ ਵੱਧ ਗਈ ਹੈ। ਅੱਜ ਭਾਵ ਸ਼ਨੀਵਾਰ ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਰਾਂਚੀ ਦੇ ਬਿਰਸਾ ਮੁੰਡਾ ਏਅਰਪੋਰਟ ਤੋਂ ਦਿੱਲੀ ਲਿਜਾਇਆ ਗਿਆ। ਵਿਧਾਇਕ ਰਾਂਚੀ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਦੱਸਿਆ ਕਿ ਉਨ੍ਹਾਂ ਨੇ ਰਾਂਚੀ 'ਚ ਅੱਜ ਸਵੇਰਸਾਰ ਮੁਲਾਕਾਤ ਕਰਕੇ ਰਾਜਿੰਦਰ ਪ੍ਰਸਾਦ ਸਿੰਘ ਦਾ ਹਾਲ ਜਾਣਿਆ। ਇਸ ਦੌਰਾਨ ਉਨ੍ਹਾਂ ਨਾਲ ਮੰਤਰੀ ਰਾਮੇਸ਼ਵਰ ਓਰਾਂਵ ਅਤੇ ਖੇਤੀ ਮੰਤਰੀ ਬਾਦਲ ਪੱਤਰਲੇਖ ਵੀ ਹਸਪਤਾਲ ਪਹੁੰਚੇ।
ਦੱਸਣਯੋਗ ਹੈ ਕਿ ਰਾਜਿਦਰ ਪ੍ਰਸਾਦ ਸਿੰਘ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ (ਇੰਟਕ) ਦੇ ਰਾਸ਼ਟਰੀ ਸਕੱਤਰ ਰਹੇ ਹਨ। ਝਾਰਖੰਡ ਵਿਧਾਨ ਸਭਾ ਚੋਣਾਂ 'ਚ ਕਾਂਗਰਸ 16 ਸੀਟਾਂ ਜਿੱਤਣ 'ਚ ਸਫਲ ਰਹੀ ਸੀ। ਕਾਂਗਰਸ ਦੇ ਜਿੱਤਣ ਵਾਲੇ ਉਮੀਦਵਾਰਾਂ 'ਚ ਰਾਜਿੰਦਰ ਪ੍ਰਸਾਦ ਸਿੰਘ ਬੇਰੋਮੋ ਵਿਧਾਨ ਸਭਾ ਤੋਂ 6 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਝਾਰਖੰਡ ਸਰਕਾਰ 'ਚ ਸਿਹਤ ਮੰਤਰੀ ਵੀ ਰਹੇ ਸੀ।