ਝਾਰਖੰਡ ਵਿਧਾਨਸਭਾ ਚੋਣਾਂ ਦੇ ਨਤੀਜੇ ਅੱਜ, ਵੋਟਾਂ ਦੀ ਗਿਣਤੀ ਹੋਈ ਸ਼ੁਰੂ

12/23/2019 8:20:43 AM

ਰਾਂਚੀ— ਝਾਰਖੰਡ ਵਿਧਾਨਸਭਾ ਦੀਆਂ 81 ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਭਾਵ ਸੋਮਵਾਰ ਸਵੇੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਸੁਰੱਖਿਆ ਦੇ ਸਖਤ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਦੁਪਹਿਰ 1 ਵਜੇ ਤਕ ਪਹਿਲਾ ਨਤੀਜਾ ਸਾਹਮਣੇ ਆ ਜਾਵੇਗਾ। ਇੱਥੇ 30 ਨਵੰਬਰ ਤੋਂ 20 ਦਸੰਬਰ ਤਕ 5 ਪੜਾਵਾਂ ’ਚ ਚੋਣਾਂ ਹੋਈਆਂ ਤੇ ਕੁੱਲ 65.23 ਫੀਸਦੀ ਵੋਟਿੰਗ ਹੋਈ ਸੀ। 2014 ਦੀਆਂ ਵਿਧਾਨਸਭਾ ਚੋਣਾਂ ’ਚ ਇੱਥੇ 66.6 ਫੀਸਦੀ ਵੋਟਾਂ ਪਈਆਂ ਸਨ। ਕਿਸੇ ਵੀ ਦਲ ਨੂੰ ਬਹੁਮਤ ਲੈਣ ਲਈ 41 ਸੀਟਾਂ ਦਾ ਅੰਕੜਾ ਹਾਸਲ ਕਰਨਾ ਪਵੇਗਾ। ਆਖਰੀ ਪੜਾਅ ਦੀ ਵੋਟਿੰਗ ਪੂਰੀ ਹੋਣ ਦੇ ਬਾਅਦ 5 ਐਗਜ਼ਿਟ ਪੋਲ ਸਾਹਮਣੇ ਆਏ। ਇਨ੍ਹਾਂ ’ਚ ਕਾਂਗਰਸ=ਝਾਮੁਮੋ-ਰਾਜਦ ਗਠਜੋੜ ਦੇ ਸੱਤਾ ਹਾਸਲ ਕਰਨ ਦਾ ਅੰਦਾਜ਼ਾ ਲਗਾਇਆ ਗਿਆ ਹੈ। 
ਇਨ੍ਹਾਂ ਚੋਣਾਂ ’ਤੇ ਦੋ ਵੱਡੇ ਮੁੱਦਿਆਂ ਦਾ ਪ੍ਰਭਾਵ ਰਿਹਾ ਇਕ ਤਾਂ ਰਾਮ ਮੰਦਰ ਦੇ ਫੈਸਲੇ ਦਾ ਅਤੇ ਦੂਜਾ ਨਾਗਰਿਕਤਾ ਕਾਨੂੰਨ ਵਿਵਾਦ ਦਾ। ਹੁਣ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਨੂੰ ਲੋਕਾਂ ਨੇ ਪਸੰਦ ਕੀਤਾ ਹੈ।
ਇਹ ਹਨ ਹੌਟ ਸੀਟਾਂ—
ਜਮਸ਼ੇਦਪੁਰ ਪੂਰਬ ਨੂੰ ਹੌਟ ਸੀਟ ਮੰਨਿਆ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਰਘੂਬੀਰ ਦਾਸ ਇੱਥੋਂ ਚੋਣ ਮੈਦਾਨ ’ਚ ਹਨ। ਉਹ 1995 ਤੋਂ ਇਸ ਸੀਟ ’ਤੇ ਜਿੱਤਦੇ ਆ ਰਹੇ ਹਨ।  ਦੁਮਕਾ ਅਤੇ ਬਰਹੇਟ ਸੀਟ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਦੁਮਕਾ ਤੋਂ ਭਾਜਪਾ ਦੇ ਲੁਇਸ ਮਰਾਂਡੀ, ਝਾਮੁਮੋ ਦੇ ਹੇਮੰਤ ਸੋਰੇਨ ਤੇ ਝਾਵਿਮੋ ਦੀ ਅੰਜੁਲਾ ਮੁਰਮੂ ਵਿਚਕਾਰ ਮੁਕਾਬਲਾ ਹੈ। ਹੇਮੰਤ ਸੋਰੇਨ ਬਰਹੇਟ ਤੋਂ ਵੀ ਚੋਣ ਮੈਦਾਨ ’ਚ ਹਨ। ਇਸ ਖੇਤਰ ’ਤੇ 30 ਸਾਲਾਂ ਤੋਂ ਝਾਮੁਮੋ ਦਾ ਕਬਜ਼ਾ ਰਿਹਾ ਹੈ ਤੇ ਇਸ ਨੂੰ ਝਾਮੁਮੋ ਦਾ ਗੜ੍ਹ ਮੰਨਿਆ ਜਾ ਰਿਹਾ ਹੈ। 2014 ’ਚ ਹੇਮੰਤ ਇੱਥੋਂ ਜਿੱਤੇ ਸਨ। 


Related News