ਡਾਕਟਰ ਹੋਵੇ ਜਾਂ ਨਰਸ ਇਥੇ ਸਭ ਨੂੰ ਮਿਲਦੀ ਹੈ ਬਰਾਬਰ ਤਨਖਾਹ
Friday, Mar 09, 2018 - 09:43 PM (IST)

ਰਾਂਚੀ— ਹਰ ਕੋਈ ਇਹ ਗੱਲ ਜਾਣਦਾ ਹੈ ਕਿ ਬਰਾਬਰ ਕੰਮ ਕਰਨ ਵਾਲਿਆਂ ਨੂੰ ਬਰਾਬਰ ਤਨਖਾਹ ਮਿਲਣੀ ਚਾਹੀਦੀ ਹੈ ਪਰ ਬਰਾਬਰ ਕੰਮ ਨਾ ਕਰਨ 'ਤੇ ਬਰਾਬਰ ਤਨਖਾਹ ਦੇਣਾ ਥੋੜਾ ਅਜੀਬ ਲੱਗਦਾ ਹੈ। ਇਸ ਤਰ੍ਹਾਂ ਦਾ ਮਾਮਲਾ ਝਾਰਖੰਡ 'ਚ ਸਾਹਮਣੇ ਆਇਆ ਹੈ। ਇਥੇ ਸਿਹਤ ਵਿਭਾਗ ਦੇ ਅਧੀਨ ਆਯੂਰਵੈਦਿਕ, ਯੂਨਾਨੀ ਅਤੇ ਹੋਮੀਓਪੈਥੀ ਦੇ ਡਾਕਟਰਾਂ ਨੂੰ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਕੰਪਾਊਂਡਰ ਅਤੇ ਨਰਸਾਂ ਦੀ ਤਨਖਾਹ ਦੇ ਬਰਾਬਰ ਤਨਖਾਹ ਦਿੱਤੀ ਜਾਂਦੀ ਹੈ। ਸਵਦੇਸ਼ੀ ਡਾਕਟਰਾਂ ਪ੍ਰਤੀ ਸੂਬਾ ਸਰਕਾਰ ਦੇ ਦੁਰਭਾਵਨਾਪੂਰਨ ਰਵੱਈਏ ਕਾਰਨ ਇਸ ਤਨਖਾਹ ਮਾਮਲੇ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਮਾਮਲੇ ਸੰਬੰਧਿਤ ਫਾਈਲ ਇਕ ਵਿਭਾਗ ਤੋਂ ਦੂਜੇ ਵਿਭਾਗ ਵਿਚਾਲੇ ਝੂਲ ਰਹੀ ਹੈ।
ਸਟੇਟ ਆਯੂਸ਼ ਡਾਕਟਰਾਂ ਦੀ ਤਨਖਾਹ 9300-34800 ਹੈ, ਜਦਕਿ ਆਯੂਸ਼ ਦੇ ਅਧੀਨ ਹੀ ਕੰਮ ਕਰ ਰਹੇ ਕੰਪਾਊਡਰਾਂ ਅਤੇ ਨਰਸਾਂ ਦੀ ਤਨਖਾਹ ਵੀ ਇੰਨੀ ਹੀ ਹੈ। ਇਸ ਪ੍ਰਣਾਲੀ ਦੇ ਡਾਕਟਰਾਂ ਦਾ ਗ੍ਰੇਡ 4200 ਹੈ ਅਤੇ ਇੰਨਾ ਹੀ ਗ੍ਰੇਡ ਪੇਅ ਕੰਪਾਊਂਡਰਾਂ ਅਤੇ ਨਰਸਾਂ ਦਾ ਵੀ ਹੈ। ਡਾਕਟਰਾਂ ਵਲੋਂ ਇਸ 'ਤੇ ਧਿਆਨ ਆਕਰਸ਼ਿਤ ਕਰਾਉਣ ਤੋਂ ਬਾਅਦ ਸਿਹਤ ਵਿਭਾਗ ਨੇ ਕਈ ਵਾਰ ਇਸ 'ਚ ਸੁਧਾਰ ਦਾ ਪ੍ਰਸਤਾਵ ਵਿੱਤ ਵਿਭਾਗ ਨੂੰ ਭੇਜਿਆ ਹੈ ਪਰ ਵਿੱਤ ਵਿਭਾਗ ਨੇ ਹਰ ਵਾਰ ਇਸ ਨੂੰ ਵਾਪਸ ਵਿਭਾਗ ਵੱਲ ਮੋੜਿਆ ਹੈ।