ਦੁਖਦ ਖ਼ਬਰ: ਕੋਰੋਨਾ ਨੇ ਤਬਾਹ ਕੀਤਾ ਪੂਰਾ ਪਰਿਵਾਰ, ਮਾਂ ਦੀ ਅਰਥੀ ਨੂੰ ਮੋਢਾ ਦੇਣ ਵਾਲੇ 5 ਪੁੱਤਾਂ ਦੀ ਮੌਤ
Tuesday, Jul 21, 2020 - 11:38 AM (IST)
ਨੈਸ਼ਨਲ ਡੈਸਕ— ਕੋਰੋਨਾ ਵਾਇਰਸ ਮਹਾਮਾਰੀ (ਕੋਵਿਡ-19) ਨੇ ਦੁਨੀਆ ਭਰ 'ਚ ਕਹਿਰ ਮਚਾਇਆ ਹੋਇਆ ਹੈ। ਇਸ ਜਾਨਲੇਵਾ ਮਹਾਮਾਰੀ ਕਾਰਨ ਹੁਣ ਤੱਕ ਕਈ ਲੋਕਾਂ ਦੀ ਜ਼ਿੰਦਗੀ ਖ਼ਤਮ ਕਰ ਦਿੱਤੀ ਹੈ। ਭਾਰਤ 'ਚ ਵੀ ਇਸ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਦੇ ਸੂਬੇ ਝਾਰਖੰਡ 'ਚ ਕੋਰੋਨਾ ਵਾਇਰਸ ਨੇ ਇਕ ਹੱਸਦੇ-ਖੇਡਦੇ ਪਰਿਵਾਰ ਨੂੰ ਤਬਾਹ ਕਰ ਦਿੱਤਾ। ਕੋਰੋਨਾ ਵਾਇਰਸ ਕਾਰਨ ਇੱਥੇ ਇਕ ਹੀ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। ਇਹ ਦੇਸ਼ ਦਾ ਪਹਿਲਾ ਅਜਿਹਾ ਮਨਹੂਸ ਮਾਮਲਾ ਹੈ, ਜਿੱਥੇ ਕੋਰੋਨਾ ਨੇ ਪੂਰਾ ਪਰਿਵਾਰ ਹੀ ਖਤਮ ਕਰ ਦਿੱਤਾ। ਇਸ ਪਰਿਵਾਰ 'ਚ ਸਭ ਤੋਂ ਪਹਿਲਾਂ ਮਾਂ ਦੀ ਕੋਰੋਨਾ ਨਾਲ ਮੌਤ ਹੋਈ, ਫਿਰ ਉਸ ਦੀ ਅਰਥੀ ਨੂੰ ਮੋਢਾ ਦੇਣ ਵਾਲੇ 5 ਪੁੱਤਰਾਂ ਦੀ ਇਕ-ਇਕ ਕਰ ਕੇ ਮੌਤ ਹੋ ਗਈ। ਉੱਥੇ ਹੀ ਹੁਣ ਬੀਬੀ ਦੇ 6ਵੇਂ ਪੁੱਤਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੋਰੋਨਾ ਨੇ 15 ਦਿਨਾਂ ਵਿਚ ਹੀ ਪਰਿਵਾਰ 'ਚ 6 ਲੋਕਾਂ ਦੀ ਜਾਨ ਲੈ ਲਈ।
ਮਾਂ ਅਤੇ 5 ਪੁੱਤਾਂ ਦੀ ਮੌਤ—
ਮਾਮਲਾ ਧਨਬਾਦ ਦੇ ਕਤਰਾਸ ਇਲਾਕੇ ਦੇ ਰਾਨੀ ਬਜ਼ਾਰ ਦਾ ਹੈ। ਇੱਥੇ ਰਹਿਣ ਵਾਲੇ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਸੋਮਵਾਰ ਨੂੰ ਕੋਰੋਨਾ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ 4 ਜੁਲਾਈ ਨੂੰ ਸਭ ਤੋਂ ਪਹਿਲਾਂ 88 ਸਾਲ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਜਾਂਚ 'ਚ ਪਤਾ ਲੱਗਾ ਕਿ ਉਹ ਕੋਰੋਨਾ ਪਾਜ਼ੇਟਿਵ ਸੀ। ਉਸ ਤੋਂ ਬਾਅਦ ਉਸ ਦੇ ਇਕ ਪੁੱਤ ਦੀ ਮੌਤ ਰਾਂਚੀ ਦੇ ਸਥਿਤ ਕੋਵਿਡ ਹਸਪਤਾਲ ਵਿਚ ਹੋਈ। ਕੁਝ ਦਿਨਾਂ ਬਾਅਦ ਦੂਜੇ ਪੁੱਤਰ ਦੀ ਮੌਤ ਕੇਂਦਰੀ ਹਸਪਤਾਲ ਵਿਚ ਇਲਾਜ ਦੌਰਾਨ ਹੋਈ। ਪਰਿਵਾਰ 'ਤੇ ਕੋਰੋਨਾ ਦਾ ਕਹਿਰ ਇੱਥੇ ਹੀ ਨਹੀਂ ਰੁਕਿਆ। ਮ੍ਰਿਤਕ ਬੀਬੀ ਦਾ ਤੀਜਾ ਪੁੱਤਰ ਧਨਬਾਦ ਦੇ ਇਕ ਨਿੱਜੀ ਕੁਆਰੰਟੀਨ ਸੈਂਟਰ ਵਿਚ ਦਾਖ਼ਲ ਸੀ, ਉੱਥੇ ਅਚਾਨਕ ਸਿਹਤ ਵਿਗੜਨ ਕਾਰਨ ਉਸ ਨੇ ਦਮ ਤੋੜ ਦਿੱਤਾ।
16 ਜੁਲਾਈ ਨੂੰ ਚੌਥੇ ਪੁੱਤਰ ਦਾ ਵੀ ਟੀਮਐੱਚ ਜਮਸ਼ੇਦਪੁਰ 'ਚ ਕੈਂਸਰ ਦੀ ਬੀਮਾਰੀ ਦੇ ਇਲਾਜ ਦੌਰਾਨ ਦਿਹਾਂਤ ਹੋ ਗਿਆ। 5ਵਾਂ ਪੁੱਤਰ ਵੀ ਧਨਬਾਦ ਦੇ ਕੋਵਿਡ ਹਸਪਤਾਲ 'ਚ ਰੈਫਰ ਕਰਨ ਮਗਰੋਂ ਰਾਂਚੀ ਦੇ ਰਿਮਸ 'ਚ ਦਾਖ਼ਲ ਸੀ, ਜਿੱਥੇ ਸੋਮਵਾਰ ਨੂੰ ਉਸ ਨੇ ਵੀ ਆਖਰੀ ਸਾਹ ਲਿਆ। ਇਸ ਦੇ ਨਾਲ ਕੋਰੋਨਾ ਵਾਇਰਸ ਨਾਲ ਇਕ ਬਜ਼ੁਰਗ ਬੀਬੀ ਅਤੇ ਉਸ ਦੇ 5 ਪੁੱਤਰਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਬੀਬੀ ਦੇ 6ਵੇਂ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਜਿੱਥੇ ਪਿਛਲੇ ਮਹੀਨੇ ਇਸ ਪਰਿਵਾਰ 'ਚ ਵਿਆਹ ਦੀ ਸ਼ਹਿਨਾਈ ਦੀ ਗੂੰਜ ਸੀ ਅਤੇ ਪੂਰਾ ਪਰਿਵਾਰ ਹੱਸ-ਖੇਡ ਰਿਹਾ ਸੀ, ਉੱਥੇ ਹੀ ਕੁਝ ਹੀ ਦਿਨਾਂ ਵਿਚ ਕੋਰੋਨਾ ਨੇ ਪੂਰਾ ਪਰਿਵਾਰ ਤਬਾਹ ਕਰ ਦਿੱਤਾ।