ਜਨਤਾ ਦਲ (ਯੂ) ਨੇ ਬਿਹਾਰ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ , 2 ਮੌਜੂਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ ਰੱਦ

Sunday, Mar 24, 2024 - 07:35 PM (IST)

ਜਨਤਾ ਦਲ (ਯੂ) ਨੇ ਬਿਹਾਰ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ , 2 ਮੌਜੂਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ ਰੱਦ

ਪਟਨਾ, (ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂ) ਨੇ ਬਿਹਾਰ ਦੀਆਂ ਅਾਪਣੇ ਹਿੱਸੇ ਦੀਆਂ 16 ਲੋਕ ਸਭਾ ਸੀਟਾਂ ਲਈ ਐਤਵਾਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ । ਪਾਰਟੀ ਦੇ ਹਮਾਇਤੀ ਕਹੇ ਜਾਣ ਵਾਲੇ ਹੋਰਨਾਂ ਪੱਛੜੀਆਂ ਸ਼੍ਰੇਣੀਆਂ ਅਤੇ ਅਤਿ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਟਿਕਟਾਂ ਦੇਣ ’ਚ ਪਹਿਲ ਦਿੱਤੀ ਗਈ ਹੈ।

ਰਾਸ਼ਟਰੀ ਉਪ ਪ੍ਰਧਾਨ ਵਸ਼ਿਸ਼ਠ ਨਾਰਾਇਣ ਸਿੰਘ ਅਤੇ ਸੰਜੇ ਕੁਮਾਰ ਝਾਅ ਦੀ ਮੌਜੂਦਗੀ ’ਚ ਜਨਤਕ ਕੀਤੀ ਗਈ ਸੂਚੀ ਅਨੁਸਾਰ ਪਾਰਟੀ ਦੇ 12 ਮੌਜੂਦਾ ਸੰਸਦ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਸੀਤਾਮੜੀ ਤੋਂ ਮੌਜੂਦਾ ਸੰਸਦ ਮੈਂਬਰ ਸੁਨੀਲ ਕੁਮਾਰ ਪਿੰਟੂ ਦੀ ਥਾਂ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਦੇਵੇਸ਼ ਚੰਦਰ ਠਾਕੁਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸੀਵਾਨ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਕਵਿਤਾ ਸਿੰਘ ਦੀ ਥਾਂ ਵਿਜੇ ਲਕਸ਼ਮੀ ਦੇਵੀ ਨੂੰ ਟਿਕਟ ਦਿੱਤੀ ਗਈ ਹੈ ਜੋ ਇੱਕ ਦਿਨ ਪਹਿਲਾਂ ਹੀ ਆਪਣੇ ਪਤੀ ਰਮੇਸ਼ ਨਾਲ ਜਨਤਾ ਦਲ (ਯੂ) ’ਚ ਸ਼ਾਮਲ ਹੋਈ ਸੀ।

ਝਾਅ ਨੇ ਕਿਹਾ ਕਿ ਸਾਰੇ ਉਮੀਦਵਾਰਾਂ ਦਾ ਫੈਸਲਾ ਮੁੱਖ ਮੰਤਰੀ ਜੋ ਪਾਰਟੀ ਪ੍ਰਧਾਨ ਵੀ ਹਨ, ਵਲੋਂ ਲਿਆ ਗਿਆ ਹੈ। ਅਸੀਂ ਆਪਣੇ ਮੌਜੂਦਾ ਸੰਸਦ ਮੈਂਬਰਾਂ ’ਤੇ ਵਧੇਰੇ ਭਰੋਸਾ ਪ੍ਰਗਟਾਇਆ ਹੈ ਪਰ ਕੁਝ ਥਾਵਾਂ ’ਤੇ ਤਬਦੀਲੀ ਕੀਤੀ ਗਈ ਹੈ। ਇਸ ਹਫ਼ਤੇ ਦੇ ਸ਼ੁਰੂ ’ਚ ਰਾਸ਼ਟਰੀ ਜਮਹੂਰੀ ਗਠਜੋੜ ਦੇ ਐਲਾਨੇ ਗਏ ਫਾਰਮੂਲੇ ਮੁਤਾਬਕ ਜੇ. ਡੀ.(ਯੂ) ਨੂੰ ਸੂਬੇ ਦੀਆਂ 40 ਵਿੱਚੋਂ 16 ਸੀਟਾਂ ਦਿੱਤੀਆਂ ਗਈਆਂ ਹਨ। ਪਿਛਲੀਆਂ ਚੋਣਾਂ ’ਚ 17 ਸੀਟਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ’ਚੋਂ 16 ਉਸ ਨੇ ਜਿੱਤੀਆਂ ਸਨ। ਪਾਰਟੀ ਮੁਸਲਿਮ ਬਹੁ-ਗਿਣਤੀ ਵਾਲੇ ਕਿਸ਼ਨਗੰਜ ਹਲਕੇ ਤੋਂ ਚੋਣ ਲੜੇਗੀ, ਜਿੱਥੇ ਉਹ 2019 ’ਚ ਹਾਰ ਗਈ ਸੀ। ਇਸ ਵਾਰ ਵੀ ਪਾਰਟੀ ਨੇ ਉੱਥੋਂ ਮੁਜਾਹਿਦ ਆਲਮ ਨੂੰ ਟਿਕਟ ਦਿੱਤੀ ਹੈ, ਜੋ ਪਿਛਲੀ ਵਾਰ ਕਾਂਗਰਸ ਦੇ ਉਮੀਦਵਾਰ ਤੋਂ ਹਾਰ ਗਏ ਸਨ।

ਪਾਰਟੀ ਨੇ ਕਰਕਟ ਦੀ ਆਪਣੀ ਮੌਜੂਦਾ ਸੀਟ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਦੀ ਅਗਵਾਈ ਵਾਲੀ ਰਾਸ਼ਟਰੀ ਲੋਕ ਮੋਰਚਾ ਦੇ ਸਹਿਯੋਗੀ ਲਈ ਛੱਡ ਦਿੱਤੀ ਹੈ। ਜੇ. ਡੀ. (ਯੂ) ਦੇ ਮਹਾਬਲੀ ਸਿੰਘ ਕਰਕਟ ਤੋਂ ਸੰਸਦ ਮੈਂਬਰ ਹਨ। ਸ਼ਿਓਹਰ ਤੋਂ ਜੇ. ਡੀ. (ਯੂ) ਦੀ ਉਮੀਦਵਾਰ ਲਵਲੀ ਆਨੰਦ ਹੈ। ਉਮੀਦਵਾਰਾਂ ਦੀ ਸੂਚੀ ’ਚ 6 ਓ. ਬੀ. ਸੀ., 5 ਈ.ਬੀ.ਸੀ., ਇੱਕ ਮਹਾ ਦਲਿਤ, ਇੱਕ ਮੁਸਲਿਮ ਅਤੇ ਤਿੰਨ ਉੱਚ ਜਾਤੀ ਦੇ ਲੋਕ ਸ਼ਾਮਲ ਹਨ। ਦੋ ਔਰਤਾਂ ਵੀ ਹਨ।


author

Rakesh

Content Editor

Related News