ਦਹਿਸ਼ਤ 'ਚ ਦਿੱਲੀ, ਇਕ ਨਵੇਂ ਵਾਇਰਸ ਨੇ ਦਿੱਤੀ ਦਸਤਕ
Friday, Nov 29, 2024 - 06:00 AM (IST)
ਨਵੀਂ ਦਿੱਲੀ - ਰਾਜਧਾਨੀ ਦਿੱਲੀ ਦੇ ਉੱਤਮ ਨਗਰ ਇਲਾਕੇ ਵਿਚ ਰਹਿਣ ਵਾਲੇ ਇਕ ਵਿਅਕਤੀ ਨੂੰ ਜਾਪਾਨੀ ਬੁਖਾਰ ਜਾਂ ਜਾਪਾਨੀ ਇੰਸੇਫਲਾਈਟਿਸ ਵਾਇਰਸ (ਜੇ. ਈ. ਵੀ.) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਅਧਿਕਾਰੀਆਂ ਨੇ ਸ਼ਹਿਰ ਵਿਚ ਕਿਸੇ ਕਹਿਰ ਦੀ ਪੁਸ਼ਟੀ ਨਹੀਂ ਕੀਤੀ ਹੈ।
ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨ. ਸੀ. ਡੀ. ਸੀ.) ਮੁਤਾਬਕ ਇਕ 72 ਸਾਲਾ ਵਿਅਕਤੀ ਨੂੰ ਛਾਤੀ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ 3 ਨਵੰਬਰ ਨੂੰ ਏਮਜ਼ ਦਿੱਲੀ ਵਿਚ ਦਾਖਲ ਕਰਵਾਇਆ ਗਿਆ ਸੀ। ਉਹ ਪਹਿਲਾਂ ਹੀ ਸ਼ੂਗਰ ਅਤੇ ਦਿਲ ਦੀ ਬੀਮਾਰੀ ਤੋਂ ਪੀੜਤ ਸੀ। ਜਾਂਚ ਦੌਰਾਨ ਜੇ. ਈ. ਵਾਇਰਸ ਦਾ ਪਤਾ ਲੱਗਾ।
ਉੱਤਰ ਪੂਰਬੀ ਰਾਜ ਵਿੱਚ ਬਹੁਤ ਸਾਰੇ ਕੇਸ
MCD ਅਧਿਕਾਰੀਆਂ ਮੁਤਾਬਕ ਪਿਛਲੇ ਕਈ ਸਾਲਾਂ ਤੋਂ ਦਿੱਲੀ 'ਚ ਜਾਪਾਨੀ ਬੁਖਾਰ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਹ ਬਿਮਾਰੀ ਜਿਆਦਾਤਰ ਉੱਤਰ ਪ੍ਰਦੇਸ਼ ਵਿੱਚ ਦੇਖਣ ਨੂੰ ਮਿਲਦੀ ਹੈ। ਉੱਤਰ-ਪੂਰਬੀ ਰਾਜਾਂ ਵਿੱਚ ਵੀ ਇਸ ਬਿਮਾਰੀ ਦੇ ਬਹੁਤ ਸਾਰੇ ਮਾਮਲੇ ਹਨ। ਪਰ, ਪਿਛਲੇ ਕਈ ਸਾਲਾਂ ਤੋਂ ਦਿੱਲੀ ਵਿੱਚ ਅਜਿਹਾ ਨਹੀਂ ਹੋਇਆ ਹੈ। ਇਹ ਹੈਰਾਨ ਕਰਨ ਵਾਲਾ ਮਾਮਲਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਕ ਨਿਗਰਾਨੀ ਟੀਮ ਨੂੰ ਇਲਾਕੇ 'ਚ ਭੇਜਿਆ ਗਿਆ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਮਰੀਜ਼ ਦੇ ਘਰ ਦੇ ਨੇੜੇ ਹੀ ਸੂਰ ਪਾਲਣ ਦਾ ਧੰਦਾ ਕੀਤਾ ਜਾ ਰਿਹਾ ਸੀ। ਇਸ ਲਈ ਵੈਟਰਨਰੀ ਵਿਭਾਗ ਦੇ ਅਧਿਕਾਰੀਆਂ ਨੂੰ ਸੀਰੋ-ਸਰਵੇਲੈਂਸ ਲਈ ਕਿਹਾ ਗਿਆ ਹੈ।