ਜਾਪਾਨ ਦਾ ਪਾਸਪੋਰਟ ਹੈ ਦੁਨੀਆ ਦਾ ਸਭ ਤੋਂ ''ਤਾਕਤਵਰ ਪਾਸਪੋਰਟ'', ਜਾਣੋ ਭਾਰਤ ਦਾ ਕਿੰਨਵਾਂ ਨੰਬਰ

10/11/2018 10:48:14 AM

ਨਵੀਂ ਦਿੱਲੀ/ਟੋਕੀਓ (ਏਜੰਸੀ)— ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀ ਸੈਰ ਹਰ ਕੋਈ ਕਰਨਾ ਚਾਹੁੰਦਾ ਹੈ ਪਰ ਇਸ ਲਈ ਜ਼ਰੂਰੀ ਹੁੰਦਾ ਹੈ ਪਾਸਪੋਰਟ। ਅੱਜ ਅਸੀਂ ਤੁਹਾਨੂੰ ਪਾਸਪੋਰਟ ਬਾਰੇ ਦੱਸਾਂਗੇ, ਜਿਸ ਜ਼ਰੀਏ ਅਸੀਂ ਦੁਨੀਆ ਦੀ ਸੈਰ ਆਸਾਨੀ ਨਾਲ ਕਰ ਸਕਦੇ ਹਾਂ। ਹੈਨਲੀ ਐਂਡ ਪਾਰਟਨਰਸ ਪਾਸਪੋਰਟ 2018 ਵਲੋਂ ਕੀਤੇ ਗਏ ਨਵੇਂ ਸਰਵੇ 'ਚ ਦੁਨੀਆ ਭਰ ਦੇ ਪਾਸਪੋਰਟਾਂ ਦੀ ਰੈਂਕਿੰਗ ਤਿਆਰ ਕੀਤੀ ਹੈ। ਇਸ ਰੈਂਕਿੰਗ ਵਿਚ ਜਾਪਾਨ ਦੇ ਪਾਸਪੋਰਟ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਦੱਸਿਆ ਗਿਆ ਹੈ। ਇੱਥੇ ਦੱਸ ਦੇਈਏ ਕਿ ਜਾਪਾਨ ਦੇ ਪਾਸਪੋਰਟ ਜ਼ਰੀਏ ਦੁਨੀਆ ਦੇ 190 ਦੇਸ਼ਾਂ ਵਿਚ ਵੀਜ਼ਾ-ਫਰੀ ਐਂਟਰੀ ਘੁੰਮਣ ਲਈ ਯੋਗ ਹੈ। ਇਸ ਕੰਮ ਵਿਚ ਜਾਪਾਨ ਨੇ ਸਿੰਗਾਪੁਰ ਨੂੰ ਵੀ ਪਿੱਛੇ ਕਰ ਦਿੱਤਾ ਹੈ, ਜਿਸ ਦਾ ਪਾਸਪੋਰਟ 189 ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਐਂਟਰੀ ਦਿਵਾਉਂਦਾ ਹੈ। 

ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਸਰਵੇ ਦੇ ਆਧਾਰ 'ਤੇ ਭਾਰਤ ਦਾ ਪਾਸਪੋਰਟ 81ਵੇਂ ਨੰਬਰ 'ਤੇ ਹੈ। ਭਾਰਤ ਦਾ ਪਾਸਪੋਰਟ 60 ਦੇਸ਼ਾਂ ਵਿਚ ਵੀਜ਼ਾ-ਫਰੀ ਐਂਟਰੀ ਦਿਵਾਉਂਦਾ ਹੈ, ਜਿਨ੍ਹਾਂ ਵਿਚ ਭੂਟਾਨ, ਮੌਰੀਸ਼ੀਅਸ, ਨੇਪਾਲ, ਫਿਜੀ ਅਤੇ ਹੋਰ ਦੇਸ਼ ਸ਼ਾਮਲ ਹਨ। ਪਿਛਲੇ ਸਾਲ ਦੀ ਤੁਲਨਾ ਵਿਚ ਭਾਰਤ ਦੀ ਰੈਂਕਿੰਗ ਵਿਚ ਸੁਧਾਰ ਆਇਆ ਹੈ। ਪਿਛਲੇ ਸਾਲ ਭਾਰਤ 87ਵੇਂ ਨੰਬਰ 'ਤੇ ਸੀ। ਹੈਨਲੀ ਪਾਸਪੋਰਟ ਰੈਂਕਿੰਗ ਕੌਮਾਂਤਰੀ ਹਵਾਈ ਟਰਾਂਸਪੋਰਟ ਐਸੋਸੀਏਸ਼ਨ ਤੋਂ ਮਿਲੇ ਵਿਸ਼ੇਸ਼ ਡਾਟਾ 'ਤੇ ਆਧਾਰਿਤ ਹੈ, ਜਿਸ ਵਿਚ ਯਾਤਰਾ ਦੀ ਜਾਣਕਾਰੀ ਦਾ ਦੁਨੀਆ ਦਾ ਸਭ ਤੋਂ ਵੱਡਾ ਡਾਟਾਬੇਸ ਹੈ। 

ਓਧਰ ਜਾਪਾਨੀ ਸਰਕਾਰ ਦਾ ਮੰਨਣਾ ਹੈ ਕਿ ਉਸ ਦੇ ਪਾਸਪੋਰਟ ਦੀ ਮਜ਼ਬੂਤ ਸਥਿਤੀ ਪ੍ਰਭਾਵਸ਼ਾਲੀ ਰਾਸ਼ਟਰੀ ਸੁਰੱਖਿਆ ਨਿਯਮਾਂ ਦਾ ਸਬੂਤ ਹੈ। ਜਰਮਨੀ ਜੋ ਕਿ 188 ਦੇਸ਼ਾਂ ਦੀ ਐਂਟਰੀ ਦਿਵਾਉਂਦਾ ਹੈ ਅਤੇ ਉਸ ਨੂੰ ਰੈਂਕਿੰਗ ਵਿਚ ਤੀਜਾ ਨੰਬਰ ਦਿੱਤਾ ਗਿਆ। ਲਿਸਟ ਵਿਚ ਅਮਰੀਕਾ ਅਤੇ ਬ੍ਰਿਟੇਨ ਦਾ ਪਾਸਪੋਰਟ  5ਵੇਂ ਨੰਬਰ 'ਤੇ ਹੈ। ਦੋਹਾਂ ਦੇਸ਼ਾਂ ਦਾ ਪਾਸਪੋਰਟ 186-186 ਦੇਸ਼ਾਂ ਲਈ ਹਨ। ਇਸ ਤੋਂ ਇਲਾਵਾ ਪਾਕਿਸਤਾਨ 104ਵੇਂ ਅਤੇ ਬੰਗਲਾਦੇਸ਼ 100ਵੇਂ ਨੰਬਰ 'ਤੇ ਹੈ। ਚੀਨ 71ਵੇਂ ਅਤੇ ਰੂਸ 47ਵੇਂ ਨੰਬਰ 'ਤੇ ਹੈ। ਦਰਅਸਲ ਪਾਸਪੋਰਟ ਰੈਂਕਿੰਗ ਦਾ ਆਧਾਰ ਇਹ ਸੀ ਕਿ ਕਿਸੇ ਦੇਸ਼ ਦਾ ਪਾਸਪੋਰਟ ਕਿੰਨੇ ਹੋਰ ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਐਂਟਰੀ ਦਿਵਾਉਂਦਾ ਹੈ।


Related News