ਪੰਜ ਤੱਤਾਂ ''ਚ ਵਿਲੀਨ ਹੋਏ ਜੀਵਨ ਸਿੰਘ, 4 ਸਾਲ ਦੀ ਧੀ ਨੇ ਪਿਤਾ ਨੂੰ ਦਿੱਤੀ ਮੁੱਖ ਅਗਨੀ

Saturday, Oct 26, 2024 - 11:40 AM (IST)

ਪੰਜ ਤੱਤਾਂ ''ਚ ਵਿਲੀਨ ਹੋਏ ਜੀਵਨ ਸਿੰਘ, 4 ਸਾਲ ਦੀ ਧੀ ਨੇ ਪਿਤਾ ਨੂੰ ਦਿੱਤੀ ਮੁੱਖ ਅਗਨੀ

ਸਿਰਸਾ- ਜੰਮੂ-ਕਸ਼ਮੀਰ ਦੇ ਗੁਲਮਰਗ 'ਚ ਵੀਰਵਾਰ ਰਾਤ ਅੱਤਵਾਦੀਆਂ ਦੇ ਹਮਲੇ 'ਚ ਭਾਰਤੀ ਫੌਜ 'ਚ ਭਰਤੀ ਸਿਰਸਾ ਦੇ ਸਿਪਾਹੀ ਜੀਵਨ ਸਿੰਘ ਸ਼ਹੀਦ ਹੋ ਗਏ। ਸ਼ਹੀਦ 28 ਸਾਲਾ ਜੀਵਨ ਸਿੰਘ ਸਿਰਸਾ ਜ਼ਿਲ੍ਹੇ ਦੇ ਪਿੰਡ ਰੋਹਣ ਦਾ ਰਹਿਣ ਵਾਲਾ ਹੈ। ਭਾਰਤੀ ਫੌਜ ਨੇ ਸ਼ੁੱਕਰਵਾਰ ਸਵੇਰੇ ਪਰਿਵਾਰ ਨੂੰ ਜੀਵਨ ਸਿੰਘ ਦੇ ਸ਼ਹੀਦ ਹੋਣ ਦੀ ਸੂਚਨਾ ਦਿੱਤੀ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸ਼ਾਮ ਨੂੰ ਪਿੰਡ ਰੋਹਣੋ ਲਿਆਂਦਾ ਗਿਆ, ਜਿੱਥੇ ਜੀਵਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਮੌਕੇ ਸ਼ਹੀਦ ਦੇ ਮਾਤਾ-ਪਿਤਾ, ਪਤਨੀ, ਬੱਚਿਆਂ ਦੇ ਨਾਲ-ਨਾਲ ਸਾਰੇ ਰਿਸ਼ਤੇਦਾਰਾਂ ਦੀਆਂ ਅੱਖਾਂ ਨਮ ਸਨ। ਇਸ ਮੌਕੇ ਪਿੰਡ ਵਾਸੀ ਵੀ ਆਪਣੇ ਹੰਝੂ ਨਾ ਰੋਕ ਸਕੇ।

PunjabKesari

2016 'ਚ ਫ਼ੌਜ 'ਚ ਭਰਤੀ ਹੋਇਆ ਸੀ ਜੀਵਨ ਸਿੰਘ

ਜਾਣਕਾਰੀ ਮੁਤਾਬਕ ਪਿੰਡ ਰੋਹਣ ਦਾ ਰਹਿਣ ਵਾਲਾ ਜੀਵਨ ਸਿੰਘ ਸਾਲ 2016 'ਚ ਰਾਜਪੂਤਾਨਾ ਰਾਈਫਲ 'ਚ ਭਰਤੀ ਹੋਇਆ ਸੀ। ਜੀਵਨ ਸਿੰਘ ਦਾ ਪਰਿਵਾਰ ਬਹੁਤ ਗਰੀਬ ਹੈ। ਉਸ ਦਾ ਚਾਰ ਸਾਲ ਪਹਿਲਾਂ ਕੋਮਲ ਨਾਲ ਵਿਆਹ ਹੋਇਆ ਸੀ। ਉਸ ਦੀਆਂ ਦੋ ਧੀਆਂ ਹਨ। ਵੱਡੀ ਧੀ ਚਾਰ ਸਾਲ ਦੀ ਤੇ ਛੋਟੀ ਦੋ ਸਾਲ ਦੀ ਹੈ। ਇਸ ਸਮੇਂ ਉਹ ਗੁਲਮਰਗ, ਜੰਮੂ-ਕਸ਼ਮੀਰ ਵਿਚ ਤਾਇਨਾਤ ਸੀ। ਸ਼ਹੀਦ ਜੀਵਨ ਸਿੰਘ ਰਾਠੌਰ ਦੀ ਮ੍ਰਿਤਕ ਦੇਹ ਨੂੰ ਪਹਿਲਾਂ ਸਿਰਸਾ ਏਅਰਫੋਰਸ ਸਟੇਸ਼ਨ ਲਿਆਂਦਾ ਗਿਆ ਅਤੇ ਫਿਰ ਉਨ੍ਹਾਂ ਦੇ ਜੱਦੀ ਪਿੰਡ ਰੋਹਣ ਵਿਖੇ ਸਸਕਾਰ ਲਈ ਲਿਜਾਇਆ ਗਿਆ। ਪੂਰੇ ਪਿੰਡ ਤੇ ਪਰਿਵਾਰ ਵਿਚ ਸੋਗ ਦਾ ਮਾਹੌਲ ਬਣ ਗਿਆ। 

PunjabKesari

ਪਿਤਾ ਬੋਲੇ- ਘਟਨਾ ਤੋਂ ਪਹਿਲਾਂ ਆਇਆ ਸੀ ਪੁੱਤ ਦਾ ਫੋਨ

ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਜੀਵਨ ਸਿੰਘ ਬਹੁਤ ਹੀ ਚੰਗੇ ਸੁਭਾਅ ਦਾ ਲੜਕਾ ਸੀ। ਉਹ ਫੌਜ ਵਿਚ ਭਰਤੀ ਹੋਣਾ ਚਾਹੁੰਦਾ ਸੀ, ਜਿਸ ਤੋਂ ਬਾਅਦ ਉਹ ਫੌਜ ਵਿਚ ਭਰਤੀ ਹੋ ਗਿਆ। ਸੁਖਦੇਵ ਸਿੰਘ ਨੇ ਦੱਸਿਆ ਕਿ ਜਿਸ ਦਿਨ ਇਹ ਘਟਨਾ ਵਾਪਰੀ ਸੀ, ਉਸ ਦਿਨ ਦੁਪਹਿਰ 3 ਵਜੇ ਦੇ ਕਰੀਬ ਉਸ ਨੂੰ ਜੀਵਨ ਸਿੰਘ ਦਾ ਫੋਨ ਆਇਆ ਸੀ ਅਤੇ ਉਸ ਨੇ ਘਰ ਅਤੇ ਖੇਤ ਦੀ ਹਾਲਤ ਬਾਰੇ ਗੱਲ ਕੀਤੀ ਸੀ। ਜੀਵਨ ਸਿੰਘ ਦੀ ਨੌਕਰੀ ਤੋਂ ਹੀ ਘਰ ਦੇ ਖਰਚੇ ਪੂਰੇ ਹੁੰਦੇ ਸਨ।

PunjabKesari

ਸ਼ਹੀਦ ਦੇ ਚਾਚਾ ਨੇ ਸਰਕਾਰ ਤੋਂ ਕੀਤੀ ਇਹ ਮੰਗ

ਸ਼ਹੀਦ ਦੇ ਚਾਚਾ ਧਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 5 ਵਜੇ ਫੋਨ ਆਇਆ ਕਿ ਜੀਵਨ ਸਿੰਘ ਅੱਤਵਾਦੀ ਹਮਲੇ 'ਚ ਸ਼ਹੀਦ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜੀਵਨ ਸਿੰਘ ਸਮੇਤ ਚਾਰ ਜਵਾਨ ਅਤੇ ਦੋ ਨਾਗਰਿਕ ਕਨਵਾਈ ਕੈਂਪ ਵੱਲ ਪਰਤ ਰਹੇ ਸਨ ਜਦੋਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਜੀਵਨ ਸਿੰਘ ਸ਼ਹੀਦ ਹੋ ਗਿਆ ਸੀ। ਧਰਮ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦਾ ਇਲਾਕਾ ਬਹੁਤ ਹੀ ਖਤਰਨਾਕ ਇਲਾਕਾ ਹੈ ਅਤੇ ਅੱਜ ਤੱਕ ਕੋਈ ਵੀ ਸਰਕਾਰ ਅੱਤਵਾਦੀਆਂ ਨੂੰ ਕਾਬੂ ਨਹੀਂ ਕਰ ਸਕੀ ਅਤੇ ਨਾ ਹੀ ਭਵਿੱਖ ਵਿਚ ਅਜਿਹਾ ਕਰ ਸਕੇਗੀ। ਧਰਮ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਅੱਤਵਾਦੀਆਂ ਨੂੰ ਕਾਬੂ ਪਾਇਆ ਜਾਣਾ ਚਾਹੀਦਾ ਹੈ।


 


author

Tanu

Content Editor

Related News