ਭਾਜਪਾ ਨੇਤਾ ਦੇ ਘਰ ਹਮਲਾ ਕਰਨ ਵਾਲੇ ਤਿੰਨ ਅੱਤਵਾਦੀ ਢੇਰ
Friday, Apr 02, 2021 - 12:34 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਫ਼ੋਰਸਾਂ ਵਿਚਾਲੇ ਹੋਏ ਮੁਕਾਬਲੇ 'ਚ ਭਾਜਪਾ ਨੇਤਾ ਦੇ ਘਰ 'ਤੇ ਹਮਲਾ ਕਰਨ ਵਾਲੇ ਤਿੰਨ ਅੱਤਵਾਦੀ ਮਾਰੇ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਕਾਬਲਾ ਸ਼ੁੱਕਰਵਾਰ ਉਸ ਸਮੇਂ ਹੋਇਆ, ਜਦੋਂ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਕਾਕਾਪੋਰਾ ਇਲਾਕੇ ਦੇ ਧੋਬੀ ਮੁਹੱਲਾ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ 'ਤੇ ਸੁਰੱਖਿਆ ਫ਼ੋਰਸਂ ਨੇ ਤਲਾਸ਼ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਤਲਾਸ਼ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਪੁਲਸ ਫ਼ੋਰਸ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਫ਼ੋਰਸ ਨੇ ਵੀ ਜਵਾਬੀ ਕਾਰਵਾਈ ਕੀਤੀ। ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ 'ਚ 3 ਅੱਤਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਅਤੇ ਉਨ੍ਹਾਂ ਦੇ ਸੰਗਠਨ ਦੀ ਪਛਾਣ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ‘ਸ਼੍ਰੀਨਗਰ ’ਚ ਭਾਜਪਾ ਨੇਤਾ ਅਨਵਰ ਖਾਨ ਦੇ ਘਰ ’ਤੇ ਅੱਤਵਾਦੀ ਹਮਲਾ, ਸੁਰੱਖਿਆ ’ਚ ਤਾਇਨਾਤ ਪੁਲਸ ਮੁਲਾਜ਼ਮ ਸ਼ਹੀਦ’
ਉਨ੍ਹਾਂ ਦੱਸਿਆ ਕਿ ਸੁਰੱਖਿਆ ਕਰਮੀਆਂ ਨੂੰ ਮੁਕਾਬਲੇ ਵਾਲੀ ਜਗ੍ਹਾ ਤੋਂ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਹੈ। ਕਸ਼ਮੀਰ ਦੇ ਪੁਲਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਵੀਰਵਾਰ ਨੂੰ ਭਾਜਪਾ ਨੇਤਾ ਅਨਵਰ ਅਹਿਮਦ ਦੇ ਨੌਗਾਮ ਸਥਿਤ ਘਰ 'ਤੇ ਹੋਏ ਹਮਲੇ 'ਚ ਸ਼ਾਮਲ ਸਨ। ਇਸ ਹਮਲੇ 'ਚ ਪੁਲਸ ਮੁਲਾਜ਼ਮ ਰਮੀਜ ਰਾਜਾ ਸ਼ਹੀਦ ਹੋ ਗਏ ਸਨ। ਆਈ.ਜੀ.ਪੀ. ਨੇ ਕਿਹਾ,''ਜੀ ਹਾਂ, ਉਹ ਕੱਲ ਹੋਏ ਹਮਲੇ 'ਚ ਸ਼ਾਮਲ ਸਨ।'' ਉਨ੍ਹਾਂ ਨੇ ਹਾਲਾਂਕਿ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ 2 ਨਾਗਰਿਕ ਵੀ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਪੁਲਵਾਮਾ ਦੇ ਸੰਬੂਰਾ ਦੇ ਇਸ਼ਰਤ ਜਾਨ (25) ਅਤੇ ਗੁਲਾਬ ਨਬੀ ਡਾਰ (42) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਐੱਸ.ਐੱਮ.ਐੱਚ.ਐੱਸ. 'ਚ ਦਾਖ਼ਲ ਕਰਵਾਇਆ ਗਿਆ। ਦੋਹਾਂ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ : ਇੰਡੀਅਨ ਮੁਜਾਹੀਦੀਨ ਦੇ 12 ਮੈਂਬਰਾਂ ਨੂੰ ਉਮਰ ਕੈਦ, ਦਿੱਲੀ ਪੁਲਸ ਨੇ ਕੀਤਾ ਸੀ ਗ੍ਰਿਫ਼ਤਾਰ