ਲਸ਼ਕਰ-ਏ-ਤੋਇਬਾ ਦੇ ਭਰਤੀ ਮਾਡਿਊਲ ਦਾ ਪਰਦਾਫਾਸ਼, CIK ਨੇ ਸ਼੍ਰੀਨਗਰ ਸਣੇ 10 ਥਾਵਾਂ ’ਤੇ ਕੀਤੀ ਛਾਪੇਮਾਰੀ
Thursday, Mar 26, 2026 - 10:56 PM (IST)
ਸ਼੍ਰੀਨਗਰ, (ਭਾਸ਼ਾ)- ਜੰਮੂ-ਕਸ਼ਮੀਰ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ. ਏ. ਪੀ. ਏ.) ਦੇ ਤਹਿਤ ਦਰਜ ਮਾਮਲੇ ’ਚ ਘਾਟੀ ਦੀਆਂ ਕਈ ਥਾਵਾਂ ’ਤੇ ਛਾਪੇਮਾਰੀ ਕਰ ਕੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਇਕ ਅੰਤਰਰਾਸ਼ਟਰੀ ਅੱਤਵਾਦੀ ਭਰਤੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਕਾਊਂਟਰ ਇੰਟੈਲੀਜੈਂਸ ਕਸ਼ਮੀਰ (ਸੀ. ਆਈ. ਕੇ.) ਨੇ 3 ਜ਼ਿਲਿਆਂ ਸ਼੍ਰੀਨਗਰ, ਗੰਦਰਬਲ ਅਤੇ ਸ਼ੋਪੀਆਂ ’ਚ ਵਿਆਪਕ ਛਾਪੇਮਾਰੀ ਮੁਹਿੰਮ ਚਲਾਈ, ਜਿਸ ਦੇ ਤਹਿਤ ਇਸ ਮਾਡਿਊਲ ਦਾ ਪਰਦਾਫਾਸ਼ ਹੋਇਆ। ਇਹ ਮਾਡਿਊਲ ਸਰਹੱਦ ਪਾਰ ਸਥਿਤ ਅੱਤਵਾਦੀਆਂ ਦੇ ਆਕਿਆਂ ਨਾਲ ਤਾਲਮੇਲ ਅਤੇ ਬੰਗਲਾਦੇਸ਼ ’ਚ ਸਥਿਤ ਨੈੱਟਵਰਕ ਨਾਲ ਮਿਲੀ-ਭੁਗਤ ਦੇ ਤਹਿਤ ਕੰਮ ਕਰ ਰਿਹਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਯੂ. ਏ. ਪੀ. ਏ. ਦੇ ਤਹਿਤ ਸੀ. ਆਈ. ਕੇ. ਥਾਣੇ ’ਚ ਦਰਜ ਐੱਫ. ਆਈ. ਆਰ. ਨੰਬਰ 01/2026 ਦੇ ਸਬੰਧ ’ਚ ਸ਼੍ਰੀਨਗਰ ’ਚ ਐੱਨ. ਆਈ. ਏ. ਐਕਟ ਦੇ ਤਹਿਤ ਗਠਿਤ ਵਿਸ਼ੇਸ਼ ਜੱਜ ਦੀ ਅਦਾਲਤ ਨੇ ਤਲਾਸ਼ੀ ਵਾਰੰਟ ਜਾਰੀ ਕੀਤਾ ਸੀ, ਜਿਸ ’ਤੇ ਅਮਲ ਕਰਦੇ ਹੋਏ ਘਾਟੀ ’ਚ 10 ਥਾਵਾਂ ’ਤੇ ਛਾਪੇ ਮਾਰੇ ਗਏ।
ਅੱਤਵਾਦੀ ਸ਼ਬੀਰ ਅਹਿਮਦ ਲੋਨ ਸੰਭਾਲ ਰਿਹਾ ਇਹ ਮਾਡਿਊਲ
ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਇਸ ਮਾਡਿਊਲ ਨੂੰ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.) ਦਾ ਅੱਤਵਾਦੀ ਸ਼ਬੀਰ ਅਹਿਮਦ ਲੋਨ ਸੰਭਾਲ ਰਿਹਾ ਹੈ, ਜੋ ਮੂਲ ਰੂਪ ’ਚ ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲੇ ਦੇ ਕੰਗਨ ਖੇਤਰ ਤੋਂ ਹੈ ਅਤੇ ਵੱਖ-ਵੱਖ ਉਪ-ਨਾਂਵਾਂ ਜਿਵੇਂ ਕਿ ਰਾਜੂ ਅਤੇ ਜ਼ਫਰ ਸਾਦਿਕ ਦੀ ਵਰਤੋਂ ਕਰਦਾ ਹੈ।
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਹਥਿਆਰ ਚਲਾਉਣ ਦੀ ਲਈ ਸਿਖਲਾਈ
ਇਕ ਅਧਿਕਾਰੀ ਨੇ ਕਿਹਾ, ‘‘ਇਹ ਹੈਂਡਲਰ (ਅੱਤਵਾਦੀਆਂ ਦਾ ਆਕਾ) ਬੇਹੱਦ ਕੱਟੜ ਅਤੇ ਸਿਖਲਾਈ ਪ੍ਰਾਪਤ ਹੈ। ਇਸ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਹਥਿਆਰ ਚਲਾਉਣ ਦੀ ਸਿਖਲਾਈ (‘ਦੌਰਾ-ਏ-ਆਮ’ ਅਤੇ ‘ਦੌਰਾ-ਏ-ਖਾਸ’) ਹਾਸਲ ਕੀਤੀ ਹੈ।’’ ‘ਦੌਰਾ-ਏ-ਆਮ’ ’ਚ ਅੱਤਵਾਦੀ ਸੰਗਠਨ ਦੇ ਮੈਂਬਰਾਂ ਨੂੰ 21 ਦਿਨ ਤੱਕ ਛੋਟੇ ਹਥਿਆਰ ਅਤੇ ਗ੍ਰਨੇਡ ਸੁੱਟਣ ਦੀ ਬੁਨਿਆਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ 3 ਮਹੀਨਿਆਂ ਦੀ ਵਿਸ਼ੇਸ਼ ਸਿਖਲਾਈ ਮਿਆਦ ਹੁੰਦੀ ਹੈ, ਜਿਸ ਨੂੰ ‘ਦੌਰਾ-ਏ-ਖਾਸ’ ਕਿਹਾ ਜਾਂਦਾ ਹੈ, ਜਿਸ ’ਚ ਉਨ੍ਹਾਂ ਨੂੰ ਏ. ਕੇ. ਰਾਈਫਲ, ਹਲਕੀ ਮਸ਼ੀਨਗਨ, ਰਾਕੇਟ ਲਾਂਚਰ ਚਲਾਉਣਾ ਅਤੇ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ।
2000 ਦੇ ਦਹਾਕੇ ਦੀ ਸ਼ੁਰੂਆਤ ’ਚ ਲਸ਼ਕਰ ’ਚ ਸ਼ਾਮਲ ਹੋਇਆ ਲੋਨ
ਅਧਿਕਾਰੀਆਂ ਨੇ ਕਿਹਾ ਕਿ ਲੋਨ ਨੇ 1990 ਦੇ ਦਹਾਕੇ ਦੇ ਅੰਤ ’ਚ ਇਕ ਅੱਤਵਾਦੀ ਸੰਗਠਨ ਨੂੰ ਸਹਿਯੋਗ ਦੇਣ ਵਾਲੇ ਵਿਅਕਤੀ ਵਜੋਂ ਕੰਮ ਕੀਤਾ, ਇਸ ਤੋਂ ਬਾਅਦ 2000 ਦੇ ਦਹਾਕੇ ਦੀ ਸ਼ੁਰੂਆਤ ’ਚ ਉਹ ਲਸ਼ਕਰ ’ਚ ਸ਼ਾਮਲ ਹੋ ਗਿਆ। ਅਧਿਕਾਰੀ ਨੇ ਕਿਹਾ, ‘‘ਇਸ ਤੋਂ ਬਾਅਦ ਉਹ ਬੰਗਲਾਦੇਸ਼ ਸਰਹੱਦ ਦੇ ਰਸਤੇ ਘੁਸਪੈਠ ਕਰ ਕੇ ਭਾਰਤ ਆਇਆ ਅਤੇ ਵੱਡੇ ਹਮਲਿਆਂ ਦੀ ਸਾਜ਼ਿਸ਼ ਰਚਣ ਸਮੇਤ ਅੱਤਵਾਦ ਨਾਲ ਸਬੰਧਤ ਸਰਗਰਮੀਆਂ ’ਚ ਸਰਗਰਮ ਰੂਪ ’ਚ ਸ਼ਾਮਲ ਰਿਹਾ। ਭਾਰਤ ’ਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਤੋਂ ਬਾਅਦ ਉਹ ਬੰਗਲਾਦੇਸ਼ ਚਲਾ ਗਿਆ, ਜਿੱਥੋਂ ਉਹ ਅੱਤਵਾਦੀਆਂ ਦੀ ਭਰਤੀ ਅਤੇ ਨੈੱਟਵਰਕ ਵਧਾਉਣ ਲਈ ਕੰਮ ਕਰ ਰਿਹਾ ਹੈ।’’
ਸਰਹੱਦ-ਪਾਰ ਅੱਤਵਾਦੀ ਮਾਡਿਊਲ ਨੂੰ ਮੁੜ-ਸੁਰਜੀਤ ਕਰਨ ’ਚ ਨਿਭਾਈ ਅਹਿਮ ਭੂਮਿਕਾ
ਅਧਿਕਾਰੀਆਂ ਨੇ ਕਿਹਾ ਕਿ ਜਾਂਚ ’ਚ ਪਤਾ ਲੱਗਾ ਹੈ ਕਿ ਲੋਨ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ ਵੱਡੇ ਮੈਂਬਰਾਂ ਦੇ ਨੇੜਲੇ ਸੰਪਰਕ ’ਚ ਹੈ ਅਤੇ ਉਸ ਨੇ ਸਰਹੱਦ-ਪਾਰ ਅੱਤਵਾਦੀ ਮਾਡਿਊਲ ਨੂੰ ਸੁਰਜੀਤ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ, ਜਿਨ੍ਹਾਂ ’ਚ ਹਾਲ ਹੀ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਖੜ੍ਹੇ ਕੀਤੇ ਗਏ ਮਾਡਿਊਲ ਸ਼ਾਮਲ ਹਨ। ਉਨ੍ਹਾਂ ਕਿਹਾ, ‘‘ਮੰਨਿਆ ਜਾ ਰਿਹਾ ਹੈ ਕਿ ਫਿਲਹਾਲ ਉਹ ਬੰਗਲਾਦੇਸ਼ ’ਚ ਹੈ ਅਤੇ ਆਪਣੇ ਸਹਿਯੋਗੀਆਂ ਦੇ ਨੈੱਟਵਰਕ ਰਾਹੀਂ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਉਹ ਵਿਦੇਸ਼ ਤੋਂ ਕੰਮ ਕਰਨ ਵਾਲਾ ਸਭ ਤੋਂ ਲੋੜੀਂਦਾ ਅੱਤਵਾਦੀ ਹੈ।’’
