ਕਿਸ਼ਤਵਾੜ ਦੁਖਾਂਤ ’ਚ ਹੁਣ ਤੱਕ 60 ਮੌਤਾਂ

Saturday, Aug 16, 2025 - 11:42 PM (IST)

ਕਿਸ਼ਤਵਾੜ ਦੁਖਾਂਤ ’ਚ ਹੁਣ ਤੱਕ 60 ਮੌਤਾਂ

ਕਿਸ਼ਤਵਾੜ/ਜੰਮੂ, (ਭਾਸ਼ਾ)- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ਦੇ ਪਿੰਡ ਚਸ਼ੋਤੀ ’ਚ ਬੱਦਲ ਫਟਣ ਨਾਲ ਮਚੀ ਤਬਾਹੀ ਤੋਂ ਬਾਅਦ ਸ਼ਨੀਵਾਰ ਨੂੰ ਲਗਾਤਾਰ ਤੀਸਰੇ ਦਿਨ ਬਚਾਅ ਅਤੇ ਰਾਹਤ ਮੁਹਿੰਮ ਜਾਰੀ ਰਹੀ। ਇਸ ਘਟਨਾ ’ਚ ਹੁਣ ਤੱਕ 60 ਲੋਕਾਂ ਦੀ ਮੌਤ ਅਤੇ 100 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਡੀ. ਜੀ. ਪੀ. (ਡਾਇਰੈਕਟਰ ਜਨਰਲ ਆਫ ਪੁਲਸ) ਨਲਿਨ ਪ੍ਰਭਾਤ ਨਾਲ ਸ਼ੁੱਕਰਵਾਰ ਦੇਰ ਰਾਤ ਆਫਤ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਅਤੇ ਬਚਾਅ ਅਤੇ ਰਾਹਤ ਕੰਮਾਂ ਦੀ ਸਮੀਖਿਆ ਕੀਤੀ। ਹੁਣ ਤੱਕ 46 ਮ੍ਰਿਤਕਾਂ ਦੀ ਸ਼ਨਾਖਤ ਹੋ ਚੁੱਕੀ ਹੈ ਅਤੇ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਦਰਮਿਆਨ 75 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਉਨ੍ਹਾਂ ਦੇ ਪਰਿਵਾਰਾਂ ਨੇ ਦਿੱਤੀ ਹੈ। ਸਥਾਨਕ ਲੋਕਾਂ ਅਤੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅਚਾਨਕ ਆਏ ਹੜ੍ਹ ’ਚ ਸੈਂਕੜੇ ਲੋਕਾਂ ਦੇ ਰੁੜ੍ਹਣ ਅਤੇ ਵੱਡੇ-ਵੱਡੇ ਪੱਥਰਾਂ, ਲਕੜੀਆਂ ਅਤੇ ਮਲਬੇ ਦੇ ਹੇਠਾਂ ਦੱਬੇ ਜਾਣ ਦਾ ਖਦਸ਼ਾ ਹੈ।

ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦਾ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਘਟਨਾ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਅਤੇ ਗੰਭੀਰ ਰੂਪ ’ਚ ਜ਼ਖ਼ਮੀ ਲੋਕਾਂ ਨੂੰ 1-1 ਲੱਖ ਦਾ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ। ਜੰਮੂ-ਕਸ਼ਮੀਰ ਸਰਕਾਰ ਮਾਮੂਲੀ ਤੌਰ ’ਤੇ ਜ਼ਖ਼ਮੀ ਹੋਏ ਲੋਕਾਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦੇਵੇਗੀ।


author

Rakesh

Content Editor

Related News