ਜੰਮੂ-ਕਸ਼ਮੀਰ ਦੇ ਅਨੰਤਨਾਗ ''ਚ ਅੱਤਵਾਦੀ ਹਮਲੇ ''ਚ CRPF ਕਰਮੀ ਸ਼ਹੀਦ, ਇਕ ਬੱਚੇ ਦੀ ਵੀ ਮੌਤ
Friday, Jun 26, 2020 - 05:03 PM (IST)
ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਇਲਾਕੇ 'ਚ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ ਦੇ ਇਕ ਦਲ 'ਤੇ ਸ਼ੁੱਕਰਵਾਰ ਨੂੰ ਹਮਲਾ ਕੀਤਾ, ਜਿਸ 'ਚ ਇਕ ਸੀ.ਆਰ.ਪੀ.ਐੱਫ. ਕਰਮੀ ਸ਼ਹੀਦ ਹੋ ਗਿਆ। ਅੱਤਵਾਦੀਆਂ ਦੀ ਗੋਲੀਬਾਰੀ 'ਚ ਇਕ ਬੱਚੇ ਦੀ ਵੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਬਿਜਬੇਹਰਾ ਇਲਾਕੇ 'ਚ ਪਾਦਸ਼ਾਹੀ ਬਾਗ਼ ਪੁਲ ਕੋਲ ਦੁਪਹਿਰ ਕਰੀਬ 12 ਵਜੇ ਸੀ.ਆਰ.ਪੀ.ਐੱਫ. ਦੀ 90 ਬਟਾਲੀਅਨ ਦੇ ਸੜਕ ਸੁਰੱਖਿਆ ਦਲ 'ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦਾ ਇਕ ਕਰਮੀ ਅਤੇ ਇਕ 8 ਸਾਲ ਦਾ ਬੱਚਾ ਜ਼ਖਮੀ ਹੋ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਦੋਹਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਦੋਹਾਂ ਨੇ ਦਮ ਤੋੜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸੀ.ਆਰ.ਪੀ.ਐੱਫ. ਕਰਮੀ ਦੀ ਪਛਾਣ ਕਾਂਸਟੇਬਲ ਸ਼ਮਲ ਕੁਮਾਰ ਅਤੇ ਬੱਚੇ ਦੀ ਪਛਾਣ ਨਿਹਾਨ ਯਾਦਵ ਦੇ ਤੌਰ 'ਤੇ ਹੋਈ ਹੈ, ਜੋ ਗੁਆਂਢੀ ਜ਼ਿਲ੍ਹੇ ਕੁਲਗਾਮ ਦੇ ਯਾਰੀਪਾਰੋ ਇਲਾਕੇ ਦਾ ਵਾਸੀ ਹੈ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਨੈਸ਼ਨਲ ਕਾਨਫਰੰਸ ਪਾਰਟੀ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਬੱਚੇ ਦੀ ਮੌਤ ਦੀ ਨਿੰਦਾ ਕੀਤੀ। ਉਨ੍ਹਾਂ ਨੇ ਟਵੀਟ ਕੀਤਾ,''ਇਕ ਮਾਸੂਮ ਬੱਚਾ ਕਸ਼ਮੀਰ 'ਚ ਹਿੰਸਾ ਦਾ ਸ਼ਿਕਾਰ ਬਣ ਗਿਆ। ਅੱਤਵਾਦੀਆਂ ਵਲੋਂ ਇਕ ਗ੍ਰਨੇਡ ਹਮਲੇ 'ਚ ਉਸ ਦੀ ਮੌਤ ਦੁਖਦ ਅਤੇ ਨਿੰਦਾਯੋਗ ਹੈ।''