ਰਿਹਾਈ ਤੋਂ ਬਾਅਦ ਬੋਲੀ ਮਹਿਬੂਬਾ ਮੁਫ਼ਤੀ- ਨਹੀਂ ਭੁੱਲੀ ਹਾਂ ਕਾਲੇ ਦਿਨ ਦੇ ਕਾਲੇ ਫੈਸਲੇ ਦੀ ਬੇਇੱਜ਼ਤੀ, ਜਾਰੀ ਰਹੇਗਾ ਸੰਘਰਸ਼

Wednesday, Oct 14, 2020 - 10:26 AM (IST)

ਰਿਹਾਈ ਤੋਂ ਬਾਅਦ ਬੋਲੀ ਮਹਿਬੂਬਾ ਮੁਫ਼ਤੀ- ਨਹੀਂ ਭੁੱਲੀ ਹਾਂ ਕਾਲੇ ਦਿਨ ਦੇ ਕਾਲੇ ਫੈਸਲੇ ਦੀ ਬੇਇੱਜ਼ਤੀ, ਜਾਰੀ ਰਹੇਗਾ ਸੰਘਰਸ਼

ਸ਼੍ਰੀਨਗਰ- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਮਹਿਬੂਬਾ ਮੁਫ਼ਤੀ ਨੇ ਰਿਹਾਈ ਦੇ ਤੁਰੰਤ ਬਾਅਦ ਫਿਰ ਤੋਂ ਸੰਘਰਸ਼ ਦਾ ਐਲਾਨ ਕੀਤਾ ਹੈ। ਜਨ ਸੁਰੱਖਿਆ ਐਕਟ (ਪੀ.ਐੱਸ.ਏ.) ਦੇ ਅਧੀਨ ਹਿਰਾਸਤ 'ਚ ਲਈ ਗਈ ਮੁਫ਼ਤੀ ਨੂੰ ਮੰਗਲਵਾਰ ਰਾਤ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਨੇ ਟਵਿੱਟਰ ਅਕਾਊਂਟ 'ਤੇ ਆਡੀਓ ਸੰਦੇਸ਼ ਜਾਰੀ ਕਰ ਕੇ ਧਾਰਾ-370 ਦੇ ਪ੍ਰਬੰਧਾਂ ਨੂੰ ਹਟਾਏ ਜਾਣ ਨੂੰ ਕਾਲਾ ਫੈਸਲਾ ਕਰਾਰ ਦਿੱਤਾ ਅਤੇ ਕਿਹਾ ਕਿ ਕਸ਼ਮੀਰ ਦਾ ਸੰਘਰਸ਼ ਜਾਰੀ ਰਹੇਗਾ। ਮਹਿਬੂਬਾ ਨੇ ਟਵਿੱਟਰ 'ਤੇ ਆਡੀਓ ਸੰਦੇਸ਼ ਸ਼ੇਅਰ ਕਰ ਕੇ ਕਿਹਾ,''ਮੈਂ ਅੱਜ ਇਕ ਸਾਲ ਤੋਂ ਵੀ ਵੱਧ ਸਮੇਂ ਬਾਅਦ ਰਿਹਾਅ ਹੋਈ ਹਾਂ। 5 ਅਗਸਤ 2019 ਨੂੰ ਉਸ ਕਾਲੇ ਦਿਨ ਦਾ ਕਾਲਾ ਫੈਸਲਾ ਮੇਰੇ ਦਿਲ ਅਤੇ ਰੂਹ 'ਤੇ ਹਰ ਪਲ ਵਾਰ ਕਰਦਾ ਰਿਹਾ। ਮੈਨੂੰ ਯਕੀਨ ਹੈ ਕਿ ਅਜਿਹੀ ਹੀ ਸਥਿਤੀ ਜੰਮੂ-ਕਸ਼ਮੀਰ ਦੇ ਲੋਕਾਂ ਦੀ ਰਹੀ ਹੋਵੇਗੀ। ਕੋਈ ਵੀ ਉਸ ਦਿਨ ਦੀ ਬੇਇੱਜ਼ਤੀ ਨੂੰ ਭੁੱਲ ਨਹੀਂ ਸਕਦਾ।''

ਦੇਸ਼ ਦੀਆਂ ਜੇਲਾਂ 'ਚ ਬੰਦ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਜਲਦ ਕੀਤਾ ਜਾਵੇ ਰਿਹਾਅ
ਮਹਿਬੂਬਾ ਨੇ ਕਿਹਾ,''ਦਿੱਲੀ ਦਰਬਾਰ ਨੇ ਗੈਰ-ਕਾਨੂੰਨੀ, ਗੈਰ-ਲੋਕਤੰਤਰੀ ਤਰੀਕੇ ਨਾਲ ਸਾਡੇ ਤੋਂ ਖੋਹ ਲਿਆ, ਉਸ ਨੂੰ ਵਾਪਸ ਲੈਣਾ ਹੋਵੇਗਾ। ਨਾਲ ਹੀ ਕਸ਼ਮੀਰ ਦੇ ਮਸਲੇ ਨੂੰ ਹੱਲ ਕਰਨ ਲਈ ਜਦੋ-ਜਹਿਦ ਜਾਰੀ ਰੱਖਣੀ ਹੋਵੇਗੀ, ਜਿਸ ਲਈ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਤਿਆਗ ਦਿੱਤੀ। ਇਹ ਰਸਤਾ ਸੌਖਾ ਨਹੀਂ ਹੈ ਪਰ ਮੈਨੂੰ ਯਕੀਨ ਹੈ ਕਿ ਹੌਂਸਲੇ ਨਾਲ ਇਹ ਰਸਤਾ ਵੀ ਤੈਅ ਹੋਵੇਗਾ। ਜੰਮੂ-ਕਸ਼ਮੀਰ ਦੇ ਜਿੰਨੇ ਵੀ ਲੋਕ ਦੇਸ਼ ਦੀਆਂ ਜੇਲਾਂ 'ਚ ਬੰਦ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ।''

14 ਮਹੀਨੇ ਬਾਅਦ ਮਹਿਬੂਬਾ ਹੋਈ ਰਿਹਾਅ
ਜੰਮੂ-ਕਸ਼ਮੀਰ ਤੋਂ 5 ਅਗਸਤ 2019 ਨੂੰ ਧਾਰਾ-370 ਦੇ ਪ੍ਰਬੰਧਾਂ ਨੂੰ ਹਟਾਉਣ ਦੇ ਨਾਲ ਹੀ ਮਹਿਬੂਬਾ ਮੁਫ਼ਤੀ ਨੂੰ ਪੀ.ਐੱਸ.ਏ. ਦੇ ਅਧੀਨ ਹਿਰਾਸਤ 'ਚ ਲੈ ਲਿਆ ਗਿਆ ਸੀ। ਉਦੋਂ ਤੋਂ ਹੁਣ ਤੱਕ ਉਨ੍ਹਾਂ ਦੀ ਹਿਰਾਸਤ ਦੀ ਮਿਆਦ ਲਗਾਤਾਰ ਵਧਾਈ ਜਾ ਰਹੀ ਸੀ। ਆਖ਼ਰਕਾਰ 14 ਮਹੀਨੇ ਅਤੇ 8 ਦਿਨ ਬਾਅਦ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਸੂਚਨਾ ਰੋਹਿਤ ਕੰਸਲ ਨੇ ਇਸ ਦੀ ਜਾਣਕਾਰੀ ਦਿੱਤੀ।


author

DIsha

Content Editor

Related News