ਜੰਮੂ-ਕਸ਼ਮੀਰ: ਅਰਨੀਆ ਸੈਕਟਰ ’ਚ ਦਿਸਿਆ ਡ੍ਰੋਨ, BSF ਜਵਾਨਾਂ ਦੀ ਫਾਇਰਿੰਗ ਤੋਂ ਬਾਅਦ ਹੋਇਆ ਗਾਇਬ
Wednesday, Jul 14, 2021 - 12:16 PM (IST)
ਨੈਸ਼ਨਲ ਡੈਸਕ– ਸੀਮਾ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ ’ਚ ਅੰਤਰਰਾਸ਼ਟਰੀ ਸਰਹੱਦ (ਆਈ.ਬੀ.) ਦੇ ਨੇੜੇ ਇਕ ਵਾਰ ਫਿਰ ਤੋਂ ਡ੍ਰੋਨ ਉਡਦਾ ਵੇਖਿਆ। ਸੁਰੱਖਿਆ ਫੋਰਸ ਨੇ ਉਸ ਨੂੰ ਵੇਖਦੇ ਹੀ ਤੁਰੰਤ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਉਹ ਵਾਪਸ ਚਲਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 13 ਅਤੇ 14 ਜੁਲਾਈ ਦੀ ਦਰਮਿਆਨੀ ਰਾਤ ਅਰਨੀਆ ਸੈਕਟਰ ’ਚ ਜਵਾਨਾਂ ਨੇ ਕਰੀਬ 200 ਮੀਟਰ ਦੀ ਉਚਾਈ ’ਤੇ ਜਗਦੀ-ਬੁਜਦੀ ਲਾਲ ਬੱਤੀ ਵੇਖੀ। ਉਨ੍ਹਾਂ ਕਿਹਾ ਕਿ ਜਵਾਨਾਂ ਨੇ ਉਸ ’ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਲਾਲ ਬੱਤੀ ਵਾਲੀ ਚੀਜ਼ ਉਥੋਂ ਗਾਇਬ ਹੋ ਗਈ। ਇਲਾਕੇ ’ਚ ਤਾਲਭੀ ਮੁਹਿੰਮ ਜਾਰੀ ਹੈ। ਅਜੇ ਤਕ ਕੁਝ ਵੀ ਬਰਾਮਦ ਨਹੀਂ ਹੋਇਆ।
ਦੱਸ ਦੇਈਏ ਕਿ 2 ਜੁਲਾਈ ਨੂੰ ਪਾਕਿਸਤਾਨ ਦੇ ‘ਕਵਾਡਕਾਪਟਰ’ ਨੇ ਅਰਨੀਆ ਸੈਕਟਰ ’ਚ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤੀ ਖੇਤਰ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਬੀ.ਐੱਸ.ਐੱਫ. ਦੇ ਜਵਾਨਾਂ ਦੁਆਰਾ ਫਾਇਰਿੰਗ ਤੋਂ ਬਾਅਦ ਉਹ ਪਿੱਛੇ ਹਟ ਗਿਆ ਸੀ। ਪਾਕਿਸਤਾਨ ਸਥਿਤ ਅੱਤਵਾਦੀਆਂ ਦੁਆਰਾ ਭਾਰਤ ਦੀਆਂ ਮਹੱਤਵਪੂਰਨ ਥਾਵਾਂ ’ਤੇ ਹਮਲਾ ਕਰਨ ਲਈ ਡ੍ਰੋਨ ਦਾ ਇਸਤੇਮਾਲ ਕਰਨ ਦਾ ਪਹਿਲਾ ਮਾਮਲਾ 27 ਜੂਨ ਤੜਕੇ ਸਾਹਮਣੇ ਆਇਆ ਸੀ, ਜਦੋਂ ਜੰਮੂ ਸ਼ਹਿਰ ਦੇ ਭਾਰਤੀ ਹਵਾਈ ਫੌਜ ਅੱਡੇ ’ਤੇ ਦੋ ਬੰਬ ਸੁੱਟੇ ਗਏ ਸਨ। ਇਸ ਵਿਚ ਦੋ ਜਵਾਨ ਮਾਮੂਲੀ ਜ਼ਖਮੀ ਹੋਏ ਸਨ। ਅਧਿਕਾਰੀਆਂ ਨੇ ਵੱਖ-ਵੱਖ ਜ਼ਿਲ੍ਹਿਆਂ ’ਚ ਜ਼ਿਆਦਾਤਰ ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ’ਚ ਡ੍ਰੋਨ ਅਤੇ ਹੋਰ ਮਨੁੱਖ ਰਹਿਤ ਹਵਾਈ ਯੰਤਰਾਂ ਨੂੰ ਸਟੋਰ ਕਰਨ, ਵਿਕਰੀ ਜਾਂ ਉਸ ਨੂੰ ਕਬਜ਼ੇ ’ਚ ਰੱਖਣ ’ਤੇ ਪਾਬੰਦੀ ਲਗਾ ਦਿੱਤੀ ਹੈ।