ਜੰਮੂ ਕਸ਼ਮੀਰ : ਅਮਿਤ ਸ਼ਾਹ ਦੀ ਰੈਲੀ 'ਚ ਉਮੜੀ ਭੀੜ, ਰਾਖਵਾਂਕਰਨ ਨੂੰ ਲੈ ਕੇ ਕੀਤੇ ਗਏ ਐਲਾਨ ਦਾ ਕੀਤਾ ਸੁਆਗਤ
Thursday, Oct 06, 2022 - 11:18 AM (IST)
ਬਾਰਾਮੂਲਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ 'ਚ ਸ਼ਾਮਲ ਹੋਣ ਲਈ ਬੁੱਧਵਾਰ ਨੂੰ ਹਜ਼ਾਰਾਂ ਲੋਕ ਸ਼ੌਕਤ ਅਲੀ ਸਟੇਡੀਅਮ ਪਹੁੰਚੇ। ਸਟੇਡੀਅਮ ਦੇ ਬਾਹਰ ਲੰਮੀਆਂ ਲਾਈਨਾਂ ਦਿੱਸੀਆ ਅਤੇ ਲੋਕ ਧੱਕਾ-ਮੁੱਕੀ ਕਰਦੇ ਦਿੱਸੇ। ਇਸ ਦੌਰਾਨ ਉਨ੍ਹਾਂ ਦੇ ਚਿਹਰਿਆਂ 'ਤੇ ਉਤਸ਼ਾਹ ਸਾਫ਼ ਨਜ਼ਰ ਆ ਰਿਹਾ ਸੀ। ਸਭ ਤੋਂ ਜ਼ਿਆਦਾ ਲੋਕ ਉੱਤਰੀ ਕਸ਼ਮੀਰ ਦੇ ਬਾਰਾਮੂਲਾ, ਕੁਪਵਾੜਾ ਅਤੇ ਬਾਂਦੀਪੁਰਾ ਜ਼ਿਲ੍ਹਿਆਂ ਤੋਂ ਆਏ ਸਨ। ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਵਾਹਨਾਂ ਨੂੰ ਸਟੇਡੀਅਮ ਤੋਂ ਦੂਰ ਰੋਕ ਦਿੱਤਾ ਗਿਆ ਸੀ, ਲਿਹਾਜਾ ਲੋਕ ਪੈਦਲ ਤੁਰ ਕੇ ਸਟੇਡੀਅਮ ਤੱਕ ਪਹੁੰਚੇ। ਲੋਕਾਂ ਨੂੰ ਅੰਦਰ ਆਉਣ ਲਈ ਕਾਫ਼ੀ ਇੰਤਜ਼ਾਰ ਕਰਨਾ ਪਿਆ, ਕਿਉਂਕਿ ਸੁਰੱਖਿਆ ਕਰਮੀ ਉਨ੍ਹਾਂ ਦੀ ਤਲਾਸ਼ੀ ਲੈ ਰਹੇ ਸਨ।
ਰੈਲੀ ਵਾਲੀ ਜਗ੍ਹਾ 'ਤੇ ਭਾਜਪਾ ਦੇ ਸਮਰਥਕ ਨੱਚਦੇ, ਢੋਲ ਵਜਾਉਂਦੇ ਅਤੇ ਬਾਂਸਰੀ ਵਜਾਉਂਦੇ ਦੇਖੇ ਗਏ। ਇਸ ਦੌਰਾਨ ਫ਼ੌਜ ਦੇ ਹੈਲੀਕਪਾਟਰਾਂ ਨੇ ਉਡਾਣ ਭਰੀ ਤਾਂ ਉਤਸ਼ਾਹਤ ਭੀੜ ਰੌਲਾ ਪਾਉਣ ਲੱਗੀ। ਕੁਪਵਾੜਾ ਵਾਸੀ ਫੈਆਜ਼ ਖਾਨ ਨੇ ਕਿਹਾ,''ਅਸੀਂ ਬਾਰਾਮੂਲਾ 'ਚ ਗ੍ਰਹਿ ਮੰਤਰੀ ਦਾ ਸੁਆਗਤ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਤ ਹਾਂ। ਇੱਥੇ ਲੋਕਾਂ ਦਰਮਿਆਨ ਕਾਫ਼ੀ ਜੋਸ਼ ਹੈ।'' ਕਰਨਾਹ ਵਾਸੀ ਤੌਫ਼ੀਕ ਅਹਿਮਦ ਨੇ ਕਿਹਾ,''ਗ੍ਰਹਿ ਮੰਤਰੀ ਦੀ ਇਸ ਯਾਤਰਾ ਤੋਂ ਸਾਨੂੰ ਕਾਫ਼ੀ ਉਮੀਦਾਂ ਹਨ। ਇਹ ਸਰਕਾਰ ਜੋ ਕਹਿੰਦੀ ਹੈ, ਉਹ ਕਰਦੀ ਹੈ।'' ਗ੍ਰਹਿ ਮੰਤਰੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਗੁੱਜਰ, ਬਕਰਵਾਲ ਅਤੇ ਪਹਾੜੀ ਭਾਈਚਾਰਿਆਂ ਨੂੰ ਜੱਜ ਸ਼ਰਮਾ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਰਾਖਵਾਂਕਰਨ ਦਾ ਲਾਭ ਮਿਲੇਗਾ।