ਜੰਮੂ ਕਸ਼ਮੀਰ : ਗਊਸ਼ਾਲਾ 'ਚ ਲਸ਼ਕਰ ਦੇ ਟਿਕਾਣੇ ਦਾ ਪਰਦਾਫਾਸ਼, ਭਾਰੀ ਮਾਤਰਾ 'ਚ ਗੋਲਾ-ਬਾਰੂਦ ਬਰਾਮਦ
Monday, Jan 11, 2021 - 05:30 PM (IST)
ਜੰਮੂ- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਐਤਵਾਰ ਨੂੰ ਲਸ਼ਕਰ-ਏ-ਤੋਇਬਾ ਦੇ ਇਕ ਟਿਕਾਣੇ ਨੂੰ ਲੱਭ ਲਿਆ ਅਤੇ ਅੱਤਵਾਦੀ ਦੇ ਇਕ ਸਹਿਯੋਗੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਫ਼ੋਰਸਾਂ ਨੂੰ ਦੱਖਣ ਕਸ਼ਮੀਰ ਦੇ ਇਸ ਜ਼ਿਲ੍ਹੇ ਦੇ ਚੰਧਾਰਾ ਪੰਪੋਰ ਪਿੰਡ ਦੇ ਅਵੰਤੀਪੁਰਾ ਇਲਾਕੇ ਦੇ ਇਕ ਘਰ 'ਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ। ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸੁਰੱਖਿਆ ਫ਼ੋਰਸਾਂ ਨੇ ਕਿਹਾ ਕਿ ਅਵੰਤੀਪੁਰਾ ਇਲਾਕੇ 'ਚ ਤਲਾਸ਼ੀ ਮੁਹਿੰਮ ਦੌਰਾਨ ਇਕ ਗਊਸ਼ਾਲਾ 'ਚ ਅੱਤਵਾਦੀਆਂ ਦਾ ਟਿਕਾਣਾ ਮਿਲਿਆ ਹੈ। ਜਿਸ ਨੂੰ ਹੁਣ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਲਸ਼ਕਰ ਦੇ ਇਕ ਅੱਤਵਾਦੀ ਦੇ ਸਹਿਯੋਗੀ ਆਦਿਲ ਅਹਿਮ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਚੰਧਾਰਾ ਪੰਪੋਰ ਦਾ ਵਾਸੀ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਟਿਕਾਣੇ ਤੋਂ ਗੋਲਾ-ਬਾਰੂਦ ਦਾ ਜ਼ਖੀਰਾ ਮਿਲਿਆ ਹੈ, ਜਿਸ 'ਚ ਏ.ਕੇ.-47 ਰਾਈਫ਼ਲ ਦੇ 26 ਕਾਰਤੂਸ ਸ਼ਾਮਲ ਹਨ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ