ਜੰਮੂ : ਸਰਪੰਚ ਦੀ ਨਮ ਅੱਖਾਂ ਨਾਲ ਅੰਤਿਮ ਵਿਦਾਈ, ਅੱਤਵਾਦੀਆਂ ਨੇ ਕੀਤੀ ਹੱਤਿਆ

06/09/2020 5:09:00 PM

ਜੰਮੂ— ਜੰਮੂ-ਕਸ਼ਮੀਰ ਵਿਚ ਸੋਮਵਾਰ ਭਾਵ ਕੱਲ ਅੱਤਵਾਦੀਆਂ ਵਲੋਂ ਇਕ ਕਸ਼ਮੀਰੀ ਪੰਡਤ ਸਰਪੰਚ ਅਜੇ ਕੁਮਾਰ ਦੀ ਹੱਤਿਆ ਕਰ ਦਿੱਤੀ। ਅੱਤਵਾਦੀਆਂ ਵਲੋਂ ਇਸ ਘਟਨਾ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਲਾਰਕੀਪੋਰਾ ਖੇਤਰ 'ਚ ਅੰਜ਼ਾਮ ਦਿੱਤਾ ਗਿਆ, ਜਿੱਥੇ ਸਰਪੰਚ ਨੂੰ ਅੱਤਵਾਦੀਆਂ ਨੇ ਗੋਲੀਆਂ ਨਾਲ ਭੁੰਨ ਦਿੱਤਾ। ਬੀਤੇ 17 ਸਾਲਾਂ ਵਿਚ ਵਾਦੀ 'ਚ ਕਿਸੇ ਕਸ਼ਮੀਰੀ ਪੰਡਤ ਦੀ ਅੱਤਵਾਦੀਆਂ ਵਲੋਂ ਹੱਤਿਆ ਦੀ ਇਹ ਪਹਿਲੀ ਵਾਰਦਾਤ ਹੈ। ਸਰਪੰਚ ਕਾਂਗਰਸ ਨਾਲ ਜੁੜਿਆ ਹੋਇਆ ਸੀ। ਪੁਲਸ ਨੇ ਅੱਤਵਾਦੀਆਂ ਨੂੰ ਫੜਨ ਲਈ ਪੂਰੇ ਇਲਾਕੇ ਵਿਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। ਫਿਲਹਾਲ ਇਸ ਘਟਨਾ ਦੀ ਕਿਸੇ ਵੀ ਅੱਤਵਾਦੀ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

PunjabKesari

ਮੰਗਲਵਾਰ ਭਾਵ ਅੱਜ ਸਰਪੰਚ ਅਜੇ ਕੁਮਾਰ ਦਾ ਅੰਤਿਮ ਸੰਸਕਾਰ ਜੰਮੂ ਦੇ ਸ਼ਕਤੀ ਨਗਰ ਸ਼ਮਸ਼ਾਨਘਾਟ 'ਤੇ ਕੀਤਾ ਗਿਆ। ਜੰਮੂ 'ਚ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਸਮੇਤ ਕੁਝ ਕਰੀਬੀ ਰਿਸ਼ਤੇਦਾਰ ਹੀ ਸ਼ਾਮਲ ਹੋਏ। ਨਮ ਅੱਖਾਂ ਨਾਲ ਪਰਿਵਾਰ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਇਸ ਦੌਰਾਨ ਪੂਰਾ ਮਾਹੌਲ ਗ਼ਮਗੀਨ ਹੋ ਗਿਆ। ਇਸ ਦੌਰਾਨ ਭੈਣ ਆਪਣੇ ਭਰਾ ਦੀ ਮ੍ਰਿਤਕ ਦੇਹ 'ਤੇ ਸਿਰ ਰੱਖ ਕੇ ਰੋਂਦੀ ਰਹੀ। 

PunjabKesari

ਅਜੇ ਪੰਡਤ ਦੇ ਪਿਤਾ ਦੁਆਰਿਕਾ ਨਾਥ ਪੰਡਤ ਮੁਤਾਬਕ ਉਨ੍ਹਾਂ ਦਾ ਪੁੱਤਰ ਬਹਾਦਰ ਸੀ ਅਤੇ ਅੱਤਵਾਦੀਆਂ ਨੇ ਉਸ ਦੀ ਪਿੱਠ 'ਤੇ ਗੋਲੀ ਮਾਰੀ ਹੈ। ਉਨ੍ਹਾਂ ਨੇ ਇਸ ਹੱਤਿਆ ਦੇ ਪਿੱਛੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਅੱਤਵਾਦੀਆਂ ਦੀ ਭਾਲ ਕਰ ਕੇ ਉਨ੍ਹਾਂ ਨੂੰ ਫਾਂਸੀ 'ਤੇ ਚੜ੍ਹਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਇੱਛਾ ਨਾਲ ਕਸ਼ਮੀਰ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕਦੇ ਵੀ ਕੋਈ ਪਰੇਸ਼ਾਨੀ ਨਹੀਂ ਹੋਈ ਹੈ। ਓਧਰ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਪ੍ਰਦੇਸ਼ ਕਾਂਗਰਸ ਮੁਖੀ ਅਤੇ ਪ੍ਰਦੇਸ਼ ਭਾਜਪਾ ਮੁਖੀ ਸਮੇਤ ਵੱਖ-ਵੱਖ ਰਾਜ ਨੇਤਾਵਾਂ ਨੇ ਸਰਪੰਚ ਦੀ ਹੱਤਿਆ ਦੀ ਨਿੰਦਾ ਕੀਤੀ ਹੈ।


Tanu

Content Editor

Related News