ਜਾਮੀਆ ਹਿੰਸਾ ਦੀ ਸੁਣਵਾਈ ਦੌਰਾਨ ਨਾਅਰੇ ਲਗਾਉਣ ਵਾਲੇ ਵਕੀਲਾਂ ''ਤੇ ਹਾਈ ਕੋਰਟ ਸਖਤ
Friday, Dec 20, 2019 - 11:55 AM (IST)

ਨਵੀਂ ਦਿੱਲੀ— ਜਾਮੀਆ ਨਗਰ 'ਚ ਹੋਈ ਹਿੰਸਾ ਦੀ ਨਿਆਇਕ ਜਾਂਚ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਕੁਝ ਵਕੀਲਾਂ ਵਲੋਂ 'ਸ਼ੇਮ-ਸ਼ੇਮ' ਯਾਨੀ 'ਸ਼ਰਮ-ਸ਼ਰਮ' ਦੇ ਨਾਅਰੇ ਲਗਾਉਣ 'ਤੇ ਕੋਰਟ ਨੇ ਸਖਤ ਰੁਖ ਅਪਣਾਇਆ ਹੈ। ਹਾਈ ਕੋਰਟ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਕਿਹਾ ਕਿ ਵੀਰਵਾਰ ਨੂੰ 'ਸ਼ੇਮ-ਸ਼ੇਮ' ਦਾ ਨਾਅਰਾ ਲਗਾਉਣ ਵਾਲੇ ਵਕੀਲਾਂ ਵਿਰੁੱਧ ਕਾਰਵਾਈ ਹੋਵੇਗੀ। ਚੀਫ ਜਸਟਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣੇਗੀ ਜੋ ਕਾਰਵਾਈ ਨੂੰ ਲੈ ਕੇ ਉੱਚਿਤ ਫੈਸਲਾ ਕਰੇਗੀ।
ਵਕੀਲਾਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ
ਦਰਅਸਲ ਸ਼ੁੱਕਰਵਾਰ ਨੂੰ ਕਈ ਵਕੀਲਾਂ ਨੇ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਗੁਜਾਰਿਸ਼ ਕੀਤੀ ਕਿ ਉਹ ਵੀਰਾਵਰ ਨੂੰ ਸੁਣਵਾਈ ਦੌਰਾਨ 'ਸ਼ੇਮ-ਸ਼ੇਮ' ਨਾਅਰੇਬਾਜ਼ੀ ਦਾ ਨੋਟਿਸ ਲੈਣ ਅਤੇ ਜ਼ਿੰਮੇਵਾਰ ਵਕੀਲਾਂ ਵਿਰੁੱਧ ਮਾਣਹਾਨੀ ਦੀ ਕਾਰਵਾਈ ਕਰਨ। ਇਨ੍ਹਾਂ ਵਕੀਲਾਂ ਨੇ ਨਾਅਰੇਬਾਜ਼ੀ ਨੂੰ ਲੈ ਕੇ ਕੋਰਟ ਤੋਂ ਮੁਆਫ਼ੀ ਮੰਗੀ ਅਤੇ ਇਸ ਮਾਮਲੇ 'ਚ ਮਾਣਹਾਨੀ ਦੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਇਕ ਵਕੀਲ ਨੇ ਇਹ ਵੀ ਸੁਝਾਅ ਦਿੱਤਾ ਕਿ ਸੀ.ਸੀ.ਟੀ.ਵੀ. ਫੁਟੇਜ ਨੂੰ ਜਾਂਚ ਕੇ ਨਾਅਰੇਬਾਜ਼ੀ ਕਰਨ ਵਾਲੇ ਵਕੀਲਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਇਹ ਹੈ ਪੂਰਾ ਮਾਮਲਾ
ਦਿੱਲੀ ਹਾਈ ਕੋਰਟ 'ਚ ਕੁਝ ਵਕੀਲਾਂ ਨੇ ਜਾਮੀਆ ਨਗਰ ਹਿੰਸਾ ਅਤੇ ਜਾਮੀਆ ਯੂਨੀਵਰਸਿਟੀ 'ਚ ਪੁਲਸ ਕਾਰਵਾਈ ਦੀ ਨਿਆਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਪਾਈ ਹੋਈ ਹੈ। ਵੀਰਵਾਰ ਨੂੰ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀ.ਐੱਨ. ਪਟੇਲ ਅਤੇ ਜੱਜ ਸੀ. ਹਰਿਸ਼ੰਕਰ ਦੀ ਬੈਂਚ ਨੇ ਸੁਣਵਾਈ ਕੀਤੀ ਅਤੇ ਕੇਂਦਰ, ਦਿੱਲੀ ਸਰਕਾਰ ਅਤੇ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ। ਇਸ ਤੋਂ ਬਾਅਦ ਕੋਰਟ ਨੇ ਅਗਲੀ ਸੁਣਵਾਈ ਲਈ 4 ਫਰਵਰੀ ਦੀ ਤਾਰੀਕ ਤੈਅ ਕਰ ਦਿੱਤੀ। ਸੁਣਵਾਈ ਦੌਰਾਨ ਪਟੀਸ਼ਨ ਦਾਇਰ ਕਰਨ ਵਾਲੇ ਵਕੀਲਾਂ ਨੇ ਬੈਂਚ ਤੋਂ ਵਿਦਿਆਰਥੀਆਂ ਨੂੰ ਪੁਲਸ ਕਾਰਵਾਈ ਤੋਂ ਸੁਰੱਖਿਆ ਸਮੇਤ ਅੰਤਰਿਮ ਆਦੇਸ਼ ਜਾਰੀ ਕਰਨ ਦੀ ਮੰਗ ਕਰਨ ਲੱਗੇ। ਬੈਂਚ ਨੇ ਅੰਤਰਿਮ ਆਦੇਸ਼ ਦੇਣ ਤੋਂ ਮਨ੍ਹਾ ਕੀਤਾ, ਜਿਸ ਤੋਂ ਬਾਅਦ ਵਕੀਲਾਂ ਨੇ 'ਸ਼ੇਮ-ਸ਼ੇਮ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।