UNGA ''ਚ ਜੈਸ਼ੰਕਰ ਨੇ ਕੀਤਾ ਸੰਬੋਧਨ, ਟਾਪੂ ਦੇਸ਼ਾਂ ਦੇ ਸਹਿਯੋਗ ''ਤੇ ਦਿੱਤਾ ਜ਼ੋਰ

Monday, Sep 28, 2026 - 05:14 PM (IST)

UNGA ''ਚ ਜੈਸ਼ੰਕਰ ਨੇ ਕੀਤਾ ਸੰਬੋਧਨ, ਟਾਪੂ ਦੇਸ਼ਾਂ ਦੇ ਸਹਿਯੋਗ ''ਤੇ ਦਿੱਤਾ ਜ਼ੋਰ

ਇੰਟਰਨੈਸ਼ਨਲ ਡੈਸਕ- ਸੰਯੁਕਤ ਰਾਸ਼ਟਰ ਮਹਾਸਭਾ (UNGA) ਨੂੰ ਸੰਬੋਧਨ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਭਾਵੇਂ ਗਲੋਬਲ ਪੱਧਰ 'ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਪਰ ਉਹ ਆਪਣੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਛੋਟੇ ਟਾਪੂ ਦੇਸ਼ਾਂ ਅਤੇ ਅਫ਼ਰੀਕੀ ਦੇਸ਼ਾਂ ਦੇ ਵਿਕਾਸ 'ਚ ਭਾਰਤ ਦੇ ਨਿਰੰਤਰ ਸਹਿਯੋਗ ਦਾ ਜ਼ਿਕਰ ਕੀਤਾ।

ਜੈਸ਼ੰਕਰ ਨੇ ਦੱਸਿਆ ਕਿ ਭਾਰਤ ਦੁਨੀਆ ਭਰ ਦੇ 78 ਦੇਸ਼ਾਂ 'ਚ 600 ਤੋਂ ਵੱਧ ਅਹਿਮ ਵਿਕਾਸ ਪ੍ਰੋਜੈਕਟਾਂ 'ਤੇ ਕੰਮ ਕਰ ਰਿਹਾ ਹੈ। ਇਹ ਪ੍ਰੋਜੈਕਟ ਬੁਨਿਆਦੀ ਢਾਂਚੇ, ਆਈ.ਟੀ., ਖੇਤੀਬਾੜੀ, ਗ੍ਰੀਨ ਐਨਰਜੀ, ਜਲਵਾਯੂ ਬਦਲਾਅ ਅਤੇ ਮੈਨੂਫੈਕਚਰਿੰਗ ਵਰਗੇ ਅਹਿਮ ਸੈਕਟਰਾਂ ਨਾਲ ਸਬੰਧਤ ਹਨ।

ਭਾਰਤ ਨੇ ਹਮੇਸ਼ਾ ਕੁਦਰਤੀ ਆਫ਼ਤਾਂ ਅਤੇ ਮਹਾਂਮਾਰੀਆਂ ਦੌਰਾਨ ਦੂਜੇ ਦੇਸ਼ਾਂ ਨੂੰ ਸਭ ਤੋਂ ਪਹਿਲਾਂ ਮਦਦ ਪਹੁੰਚਾਈ ਹੈ, ਜਿਵੇਂ ਕਿ ਨੇਪਾਲ ਦੇ ਹੜ੍ਹ ਅਤੇ ਵੈਨੇਜ਼ੁਏਲਾ 'ਚ ਆਏ ਭੂਚਾਲ ਦੌਰਾਨ ਰਾਹਤ ਸਮੱਗਰੀ, ਦਵਾਈਆਂ ਅਤੇ ਭੋਜਨ ਦੀ ਸਪਲਾਈ ਕੀਤੀ। ਇਸ ਤੋਂ ਇਲਾਵਾ, ਭਾਰਤ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ 'ਚ ਵੀ ਮੋਹਰੀ ਭੂਮਿਕਾ ਨਿਭਾ ਰਿਹਾ ਹੈ।

ਵਿਦੇਸ਼ ਮੰਤਰੀ ਨੇ ਲਾਲ ਸਾਗਰ, ਖਾੜੀ ਖੇਤਰ ਅਤੇ ਕਾਲੇ ਸਾਗਰ ਵਰਗੇ ਅਹਿਮ ਸਮੁੰਦਰੀ ਮਾਰਗਾਂ 'ਤੇ ਵਪਾਰਕ ਜਹਾਜ਼ਾਂ 'ਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਵਿੱਚ ਭਾਰਤੀ ਕ੍ਰੂ ਮੈਂਬਰਾਂ ਨੇ ਵੀ ਆਪਣੀ ਜਾਨ ਗਵਾਈ ਹੈ ਜੋ ਕਿ ਬਿਲਕੁਲ ਨਾ-ਬਰਦਾਸ਼ਤਯੋਗ ਹੈ। ਭਾਰਤ ਨੇ ਲਾਇਬੇਰੀਆ ਅਤੇ 23 ਹੋਰ ਦੇਸ਼ਾਂ ਨਾਲ ਮਿਲ ਕੇ ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਏ.ਆਈ. ਮਨੁੱਖੀ ਸ਼ਕਤੀਕਰਨ ਅਤੇ ਸਮੱਸਿਆਵਾਂ ਦੇ ਹੱਲ ਦਾ ਇੱਕ ਵੱਡਾ ਜ਼ਰੀਆ ਹੈ ਅਤੇ ਹਰ ਦੇਸ਼ ਨੂੰ ਆਪਣੀਆਂ ਲੋੜਾਂ ਅਨੁਸਾਰ ਆਪਣਾ ਤਕਨਾਲੋਜੀ ਵਿਕਸਿਤ ਕਰਨ ਦਾ ਹੱਕ ਹੈ। ਆਪਣੇ ਭਾਸ਼ਣ ਦੇ ਅੰਤ 'ਚ ਉਨ੍ਹਾਂ ਮਹਾਤਮਾ ਗਾਂਧੀ ਦੇ ਵਿਚਾਰਾਂ ਦਾ ਹਵਾਲਾ ਦਿੰਦਿਆਂ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੱਤਾ: "ਸ਼ਾਂਤੀ ਦਾ ਕੋਈ ਰਸਤਾ ਨਹੀਂ ਹੁੰਦਾ, ਸਗੋਂ ਸ਼ਾਂਤੀ ਹੀ ਆਪਣੇ ਆਪ ਵਿੱਚ ਰਸਤਾ ਹੈ।"


author

Harpreet SIngh

Content Editor

Related News