ਜੈਸ਼ ਦਾ ਸ਼ੱਕੀ ਮੈਂਬਰ ਗ੍ਰਿਫ਼ਤਾਰ, ਹਵਾਈ ਫ਼ੌਜ ਸਟੇਸ਼ਨ ''ਤੇ ਹਮਲੇ ਦੀ ਰਚੀ ਸੀ ਸਾਜਿਸ਼
Friday, Nov 27, 2026 - 02:52 PM (IST)
ਅਹਿਮਦਾਬਾਦ (ਏਜੰਸੀ)- ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਵਡੋਦਰਾ ਏਅਰ ਫੋਰਸ (ਆਈ.ਏ.ਐੱਫ.) ਸਟੇਸ਼ਨ 'ਤੇ ਹਮਲੇ ਦੀ ਕਥਿਤ ਸਾਜ਼ਿਸ਼ ਨੂੰ ਨਾਕਾਮ ਕਰਦਿਆਂ, ਜੈਸ਼-ਏ-ਮੁਹੰਮਦ (ਜੇ.ਈ.ਐੱਮ.) ਦੇ ਇਕ ਸ਼ੱਕੀ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੱਕੀ ਮੈਂਬਰ ਕੋਲੋਂ ਇਕ ਅਸਾਲਟ ਰਾਈਫਲ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏ.ਟੀ.ਐੱਸ. ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਸੁਨੀਲ ਜੋਸ਼ੀ ਨੇ ਕਿਹਾ ਕਿ ਵੱਖ-ਵੱਖ ਸਰੋਤਾਂ ਤੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਆਸਾਮ ਦੇ ਕਰੀਮਗੰਜ ਵਾਸੀ ਦੋਸ਼ੀ ਮੁਹੰਮਦ ਸੇਹਾਰੁਲ ਇਸਲਾਮ ਕਬੀਰੂਦੀਨ ਨੂੰ ਵੀਰਵਾਰ ਰਾਤ ਨੂੰ ਹਲੋਲ-ਵਡੋਦਰਾ ਰੋਡ 'ਤੇ ਇਕ ਹੋਟਲ ਦੇ ਨੇੜੇ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਏ.ਟੀ.ਐੱਸ. ਟੀਮ ਨੇ ਉਸ ਕੋਲੋਂ ਇਕ ਅਸਾਲਟ ਰਾਈਫਲ (ਜਿਸ ਦੇ AK-47 ਹੋਣ ਦਾ ਸ਼ੱਕ ਹੈ), 23 ਜ਼ਿੰਦਾ ਕਾਰਤੂਸ, ਦੋ ਖਾਲੀ ਕਾਰਤੂਸ, ਇਕ ਜੈਸ਼-ਏ-ਮੁਹੰਮਦ ਦਾ ਝੰਡਾ, ਮੋਬਾਈਲ ਫ਼ੋਨ ਅਤੇ ਸਿਮ ਕਾਰਡ ਬਰਾਮਦ ਕੀਤਾ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਸ਼ੀ ਨੂੰ ਵਡੋਦਰਾ 'ਚ ਆਈਏਐੱਫ ਸਟੇਸ਼ਨ ਦੇ ਗੇਟ 'ਤੇ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ ਅਤੇ ਉਸ ਦੇ ਮੋਬਾਈਲ ਫੋਨ ਤੋਂ ਸਟੇਸ਼ਨ ਦੀਆਂ ਤਸਵੀਰਾਂ ਬਰਾਮਦ ਕੀਤੀਆਂ ਗਈਆਂ ਸਨ। ਅਧਿਕਾਰੀਆਂ ਨੇ ਕਿਹਾ ਕਿ ਉਸ ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਅਤੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
