ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੇ ਕਾਫਲੇ ਦੀ ਗੱਡੀ ਦਾ ਭਿਆਨਕ ਹਾਦਸਾ
Monday, Jan 19, 2026 - 11:11 AM (IST)
ਨੈਸ਼ਨਲ ਡੈਸਕ- ਹਰਿਆਣਾ ਦੇ ਨੂੰਹ ਜ਼ਿਲ੍ਹੇ 'ਚ ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੇ ਕਾਫਲੇ 'ਚ ਸ਼ਾਮਲ ਇਕ ਐਸਕਾਰਟ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਦਿੱਲੀ-ਜੈਪੁਰ ਹਾਈਵੇਅ 'ਤੇ ਉਸ ਸਮੇਂ ਵਾਪਰਿਆ ਜਦੋਂ ਇਕ ਤੇਜ਼ ਰਫ਼ਤਾਰ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਪਿੱਛੇ ਆ ਰਹੀਆਂ ਗੱਡੀਆਂ ਆਪਸ 'ਚ ਟਕਰਾ ਗਈਆਂ।
ਇੰਝ ਵਾਪਰਿਆ ਹਾਦਸਾ
ਪ੍ਰਾਪਤ ਜਾਣਕਾਰੀ ਅਨੁਸਾਰ, ਸਾਬਕਾ ਉਪ-ਰਾਸ਼ਟਰਪਤੀ ਦਾ ਕਾਫਲਾ ਦਿੱਲੀ ਤੋਂ ਜੈਪੁਰ ਵੱਲ ਜਾ ਰਿਹਾ ਸੀ। ਜਦੋਂ ਕਾਫਲਾ ਨੂੰਹ ਦੇ ਰਿਠਠ ਪਿੰਡ ਕੋਲ ਪਹੁੰਚਿਆ, ਤਾਂ ਹਾਈਵੇਅ 'ਤੇ ਜਾ ਰਹੇ ਇਕ ਟਰੱਕ ਨੇ ਅਚਾਨਕ ਬ੍ਰੇਕ ਮਾਰ ਦਿੱਤੀ। ਇਸ ਕਾਰਨ ਟਰੱਕ ਦੇ ਪਿੱਛੇ ਆ ਰਹੀ ਇਕ ਵੈਗਨਆਰ ਕਾਰ ਉਸ ਵਿੱਚ ਜਾ ਵੱਜੀ ਅਤੇ ਉਸ ਦੇ ਪਿੱਛੇ ਆ ਰਹੀ ਕਾਫਲੇ ਦੀ ਅਰਟਿਗਾ ਗੱਡੀ (DL1CAJ4542) ਵੀ ਕਾਰ ਨਾਲ ਜ਼ੋਰਦਾਰ ਤਰੀਕੇ ਨਾਲ ਟਕਰਾ ਗਈ।
ਗੱਡੀ ਦਾ ਹੋਇਆ ਭਾਰੀ ਨੁਕਸਾਨ
ਇਸ ਟੱਕਰ 'ਚ ਐਸਕਾਰਟ ਗੱਡੀ ਦਾ ਬੋਨਟ ਬੁਰੀ ਤਰ੍ਹਾਂ ਟੁੱਟ ਕੇ ਅੰਦਰ ਵੱਲ ਧਸ ਗਿਆ। ਇਸ ਤੋਂ ਪਹਿਲਾਂ ਵਾਲੀ ਕਾਰ ਦਾ ਇੰਜਣ ਵੀ ਬਾਹਰ ਨਿਕਲ ਆਇਆ ਸੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਕਾਫਲੇ 'ਚ ਸ਼ਾਮਲ ਸਾਰੇ ਅਧਿਕਾਰੀ, ਸੁਰੱਖਿਆ ਕਰਮੀ ਅਤੇ ਡਰਾਈਵਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪੁਲਸ ਮੁਤਾਬਕ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ ਹੈ।
ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ
ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ 'ਤੇ ਹੀ ਵਾਹਨ ਛੱਡ ਕੇ ਫ਼ਰਾਰ ਹੋ ਗਿਆ, ਜਿਸ ਦੀ ਭਾਲ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਪੀਨਗਵਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਨੁਕਸਾਨੀਆਂ ਗੱਡੀਆਂ ਨੂੰ ਸੜਕ ਕਿਨਾਰੇ ਕਰਵਾ ਕੇ ਆਵਾਜਾਈ ਨੂੰ ਮੁੜ ਚਾਲੂ ਕਰਵਾਇਆ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਦਸੇ ਦੇ ਸਮੇਂ ਜਗਦੀਪ ਧਨਖੜ ਖੁਦ ਕਾਫਲੇ 'ਚ ਮੌਜੂਦ ਸਨ ਜਾਂ ਨਹੀਂ, ਕਿਉਂਕਿ ਪੁਲਸ ਨੇ ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
