ਧਨਖੜ ਦਾ ਅਸਤੀਫਾ ਨਿਤੀਸ਼ ਕੁਮਾਰ ਨੂੰ ਹਟਾਉਣ ਦੀ ਭਾਜਪਾ ਦੀ ਸਾਜ਼ਿਸ਼ : ਰਾਜਦ
Wednesday, Jul 23, 2025 - 12:37 AM (IST)

ਪਟਨਾ, (ਭਾਸ਼ਾ)– ਬਿਹਾਰ ’ਚ ਵਿਰੋਧੀ ਰਾਸ਼ਟਰੀ ਜਨਤਾ ਦਲ (ਰਾਜਦ) ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦਾ ਅਸਤੀਫਾ ਭਾਜਪਾ ਵੱਲੋਂ ਰਚੀ ਗਈ ਸਾਜ਼ਿਸ਼ ਹੈ, ਜਿਸ ਦਾ ਮਨੋਰਥ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ‘ਹਟਾਉਣਾ’ ਹੈ। ਹਾਲਾਂਕਿ ਸੂਬੇ ਦੇ ਸਭ ਤੋਂ ਲੰਮੇ ਸਮੇਂ ਤਕ ਮੁੱਖ ਮੰਤਰੀ ਰਹਿਣ ਵਾਲੇ ਨਿਤੀਸ਼ ਕੁਮਾਰ ਦੇ ਨਜ਼ਦੀਕੀ ਸਹਿਯੋਗੀ, ਸੂਬਾ ਸਰਕਾਰ ਦੇ ਮੰਤਰੀ ਸ਼੍ਰਵਣ ਕੁਮਾਰ ਨੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
ਨਿਤੀਸ਼ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ‘ਰਾਜਗ ਦਾ ਚਿਹਰਾ’ ਐਲਾਨਿਆ ਗਿਆ ਹੈ। ਵਿਧਾਨ ਸਭਾ ’ਚ ਰਾਜਦ ਦੇ ਮੁੱਖ ਸਚੇਤਕ ਅਖਤਰੁਲ ਇਸਲਾਮ ਸ਼ਾਹੀਨ ਨੇ ਦਾਅਵਾ ਕੀਤਾ,‘‘ਲੰਮੇ ਸਮੇਂ ਤੋਂ ਭਾਜਪਾ ਨਿਤੀਸ਼ ਕੁਮਾਰ ਤੋਂ ਛੁਟਕਾਰਾ ਹਾਸਲ ਕਰ ਕੇ ਆਪਣਾ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਨਿਰਾਸ਼ ਹੋ ਗਏ ਹਨ, ਜਿਸ ਵਿਚ ਰਾਜਗ ਦੀ ਹਾਰ ਯਕੀਨੀ ਹੈ।’’
ਸ਼ਾਹੀਨ ਨੇ ਦਾਅਵਾ ਕੀਤਾ, ‘‘ਲੰਮੇ ਸਮੇਂ ਤੋਂ ਭਾਜਪਾ ਦੇ ਸੀਨੀਅਰ ਨੇਤਾ ਨਿਤੀਸ਼ ਕੁਮਾਰ ਨੂੰ ਹਟਾਉਣ ਦੇ ਪੱਖ ਵਿਚ ਬੋਲਦੇ ਰਹੇ ਹਨ। ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਤਾਂ ਇਕ ਵਾਰ ਨਿਤੀਸ਼ ਕੁਮਾਰ ਨੂੰ ਉਪ-ਪ੍ਰਧਾਨ ਮੰਤਰੀ ਬਣਾਉਣ ਦੀ ਵਕਾਲਤ ਤਕ ਕਰ ਦਿੱਤੀ ਸੀ। ਇਸ ਲਈ ਇਹ ਸਿੱਟਾ ਕੱਢਣਾ ਗਲਤ ਨਹੀਂ ਹੋਵੇਗਾ ਕਿ ਧਨਖੜ ਦਾ ਅਸਤੀਫਾ ਭਾਜਪਾ ਦੀ ਸਾਜ਼ਿਸ਼ ਹੈ, ਜਿਸ ਦਾ ਮਨੋਰਥ ਉਪ-ਰਾਸ਼ਟਰਪਤੀ ਵਰਗਾ ਸਿਆਸੀ ਤੌਰ ’ਤੇ ਅਹਿਮੀਅਤ ਰਹਿਤ ਅਹੁਦਾ ਦੇ ਕੇ ਨਿਤੀਸ਼ ਕੁਮਾਰ ਨੂੰ ਹਟਾਉਣਾ ਹੈ।’’