ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜਗਦੀਪ ਧਨਖੜ;​​​​​​​ ਜਾਟ ਚਿਹਰਾ ਤੇ ਕਿਸਾਨ

Sunday, Jul 17, 2022 - 11:01 AM (IST)

ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜਗਦੀਪ ਧਨਖੜ;​​​​​​​ ਜਾਟ ਚਿਹਰਾ ਤੇ ਕਿਸਾਨ

ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਰਾਜਸਥਾਨ ਨਾਲ ਸਬੰਧਤ ਜਗਦੀਪ ਧਨਖੜ ਇਕ ਕਿਸਾਨ ਪਰਿਵਾਰ ਤੋਂ ਹਨ ਅਤੇ ਜਾਟ ਭਾਈਚਾਰੇ ਨਾਲ ਸਬੰਧਤ ਹਨ। ਮੋਦੀ ਸਰਕਾਰ ਵਿਰੁੱਧ ਕਿਸਾਨ ਅੰਦੋਲਨ ’ਚ ਜਾਟ ਕਿਸਾਨ ਵੀ ਵੱਡੀ ਗਿਣਤੀ ’ਚ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਜਾਟ ਵੋਟਰਾਂ ਅਤੇ ਕਿਸਾਨਾਂ ਦੀ ਚੋਖੀ ਗਿਣਤੀ ਹੈ। ਕਈ ਚੋਣ ਹਲਕਿਆਂ ’ਚ ਜਾਟ ਵੋਟਰ ਨਿਰਣਾਇਕ ਭੂਮਿਕਾ ਨਿਭਾਉਂਦੇ ਹਨ। ਰਾਜਸਥਾਨ ’ਚ ਤਾਂ ਅਗਲੇ ਸਾਲ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਧਿਆਨ ਯੋਗ ਹੈ ਕਿ ਧਨਖੜ ਦੀ ਉਮੀਦਵਾਰੀ ਦਾ ਐਲਾਨ ਕਰਦਿਆਂ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਉਨ੍ਹਾਂ ਨੂੰ ਕਿਸਾਨ ਪੁੱਤਰ ਕਹਿ ਕੇ ਸੰਬੋਧਨ ਕੀਤਾ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਇਸ ਤਰੀਕੇ ਭਾਜਪਾ ਕਿਸਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਦਰਅਸਲ ਕਿਸਾਨ ਅੰਦੋਲਨ ਤੋਂ ਬਾਅਦ ਕਿਸਾਨਾਂ ਦਾ ਰਵੱਈਆ ਭਾਜਪਾ ਪ੍ਰਤੀ ਸਖ਼ਤ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਹੋਣਗੇ NDA ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ

ਸਿਆਸੀ ਹਲਕਿਆਂ ’ਚ ਹਲਚਲ ਮਚਾ ਦਿੱਤੀ

ਭਾਜਪਾ ਨੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਕੇ ਸਿਆਸੀ ਹਲਕਿਆਂ ’ਚ ਹਲਚਲ ਮਚਾ ਦਿੱਤੀ ਹੈ। ਦਰਅਸਲ, ਐੱਨ. ਡੀ. ਏ. ਵੱਲੋਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਹੁਣ ਤੱਕ ਧਨਖੜ ਦੇ ਨਾਂ ’ਤੇ ਚਰਚਾ ਨਹੀਂ ਸੀ। ਉਨ੍ਹਾਂ ਨੂੰ ਮਜ਼ਬੂਤ ​​ਦਾਅਵੇਦਾਰ ਵੀ ਨਹੀਂ ਮੰਨਿਆ ਜਾ ਰਿਹਾ ਸੀ। ਦਾਅਵੇਦਾਰਾਂ ’ਚ ਸਾਬਕਾ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ, ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਦਿ ਦੇ ਨਾਂ ਸੁਰਖੀਆਂ ’ਚ ਸਨ।

ਰਾਜਸਥਾਨ ਵਿਧਾਨ ਸਭਾ ਚੋਣਾਂ ’ਤੇ ਨਜ਼ਰ

ਰਾਜਸਥਾਨ ’ਚ ਅਗਲੇ ਸਾਲ ਯਾਨੀ 2023 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇਹ ਅਹਿਮ ਫੈਸਲਾ ਹੋਵੇਗਾ। ਧਨਖੜ ਦੇ ਬਹਾਨੇ ਭਾਜਪਾ ਰਾਜਸਥਾਨ ਦੀ ਸੱਤਾ ’ਤੇ ਕਾਬਜ਼ ਹੋਣ ਦੀ ਤਿਆਰੀ ਕਰ ਸਕਦੀ ਹੈ। ਦਰਅਸਲ, ਰਾਜਸਥਾਨ ’ਚ ਵਸੁੰਧਰਾ ਰਾਜੇ ਦਾ ਧੜਾ ਨਾਰਾਜ਼ ਚੱਲ ਰਿਹਾ ਹੈ। ਉੱਥੇ ਹੀ ਐੱਨ. ਡੀ. ਏ. ਦੇ ਸਹਿਯੋਗੀ ਹਨੂੰਮਾਨ ਬੇਨੀਵਾਲ ਵੀ ਅਗਨੀਪਥ ਯੋਜਨਾ ਨੂੰ ਲੈ ਕੇ ਭਾਜਪਾ ਤੋਂ ਨਾਰਾਜ਼ ਨਜ਼ਰ ਆਏ ਸਨ। ਅਜਿਹੇ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਕਿਸੇ ਨਵੇਂ ਚਿਹਰੇ ’ਤੇ ਦਾਅ ਖੇਡ ਸਕਦੀ ਹੈ, ਜਿਸ ਲਈ ਪਾਰਟੀ ਨੂੰ ਸਿੱਧੇ ਤੌਰ ’ਤੇ ਆਮ ਜਨਤਾ ਦੇ ਸਮਰਥਨ ਦੀ ਲੋੜ ਹੈ। ਅਜਿਹੇ ’ਚ ਧਨਖੜ ਦਾ ਚਿਹਰਾ ਭਾਜਪਾ ਨੂੰ ਫਾਇਦਾ ਪਹੁੰਚਾ ਸਕਦਾ ਹੈ।

ਇਹ ਵੀ ਪੜ੍ਹੋ- ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ ਦਾ ਸਮਰਥਨ ਕਰੇਗੀ ‘ਆਪ’: ਸੰਜੇ ਸਿੰਘ

ਸਿਆਸੀ ਦਾਅ-ਪੇਚ ਅਤੇ ਕਾਨੂੰਨ ਦੇ ਖਿਡਾਰੀ ਹਨ ਧਨਖੜ

ਉਨ੍ਹਾਂ ਨੇ ਰਾਜਸਥਾਨ ਵਿਚ ਜਾਟਾਂ ਨੂੰ ਰਿਜ਼ਰਵੇਸ਼ਨ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ। ਇਸ ਦੇ ਲਈ ਉਨ੍ਹਾਂ ਨੇ ਲੰਬੀ ਲੜਾਈ ਲੜੀ। ਇਹੀ ਕਾਰਨ ਹੈ ਕਿ ਜਾਟ ਭਾਈਚਾਰੇ ’ਚ ਧਨਖੜ ਦੀ ਕਾਫੀ ਭਰੋਸੇਯੋਗਤਾ ਹੈ। ਭਾਜਪਾ ਉਨ੍ਹਾਂ ਰਾਹੀਂ ਜਾਟਾਂ ’ਚ ਆਪਣੀ ਪਕੜ ਮਜ਼ਬੂਤ ​​ਕਰਨਾ ਚਾਹੁੰਦੀ ਹੈ।

ਭਾਜਪਾ ਤੋਂ ਪਹਿਲਾਂ ਜਨਤਾ ਦਲ ਅਤੇ ਕਾਂਗਰਸ ’ਚ ਵੀ ਰਹਿ ਚੁੱਕੇ ਹਨ ਧਨਖੜ

ਰਾਜਸਥਾਨ ਦੇ ਝੁੰਝਨੂ ਨਾਲ ਸਬੰਧਤ ਜਗਦੀਪ ਧਨਖੜ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਉਹ 1989 ਤੋਂ 91 ਤੱਕ ਝੁੰਝਨੂ ਤੋਂ ਜਨਤਾ ਦਲ ਦੇ ਸੰਸਦ ਮੈਂਬਰ ਰਹੇ। ਇਸ ਤੋਂ ਬਾਅਦ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੇ ਅਜਮੇਰ ਤੋਂ ਕਾਂਗਰਸ ਦੀ ਟਿਕਟ ’ਤੇ ਲੋਕ ਸਭਾ ਚੋਣ ਲੜੀ ਸੀ ਪਰ ਹਾਰ ਗਏ ਸਨ। ਇਸ ਤੋਂ ਬਾਅਦ ਧਨਖੜ 2003 ’ਚ ਭਾਜਪਾਈ ਹੋ ਗਏ।

ਇਹ ਵੀ ਪੜ੍ਹੋ- ਰੇਵੜੀ ਕਲਚਰ’ ’ਤੇ ਸਿਆਸੀ ਘਮਾਸਾਨ, ਕੇਜਰੀਵਾਲ ਨੇ PM ਮੋਦੀ ਨੂੰ ਦਿੱਤਾ ਠੋਕਵਾਂ ਜਵਾਬ


author

Tanu

Content Editor

Related News