ਜਗਨਮੋਹਨ ਰੈੱਡੀ YSR ਕਾਂਗਰਸ ਵਿਧਾਇਕ ਦਲ ਦੇ ਚੁਣੇ ਗਏ ਆਗੂ
Saturday, May 25, 2019 - 05:01 PM (IST)

ਵਿਜੇਵਾੜਾ—ਆਂਧਰਾ ਪ੍ਰਦੇਸ਼ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਨ ਵਾਲੀ ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਨਵੇ ਚੁਣੇ ਵਿਧਾਇਕਾਂ ਨੇ ਪਾਰਟੀ ਪ੍ਰਧਾਨ ਜਗਨਮੋਹਨ ਰੈੱਡੀ ਨੂੰ ਅੱਜ ਭਾਵ ਸ਼ਨੀਵਾਰ ਆਮ ਸਹਿਮਤੀ ਨਾਲ ਪਾਰਟੀ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ। ਹੁਣ ਜਗਨਮੋਹਨ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕਣਗੇ। ਰੈੱਡੀ ਨੇ ਇਸ ਮੌਕੇ ਪਾਰਟੀ ਵਿਧਾਇਕਾਂ ਨੂੰ ਬੇਨਤੀ ਕੀਤੀ ਕਿ ਇਕ ਸਾਲ ਦੇ ਅੰਦਰ ਦੇਸ਼ ਦੇ ਸਭ ਤੋਂ ਵਧੀਆ ਮੁੱਖ ਮੰਤਰੀ ਦਾ ਦਰਜਾ ਹਾਸਲ ਕਰਵਾਉਣ 'ਚ ਮਦਦ ਕਰਨ। ਪਾਰਟੀ ਇਹ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ ਕਿ ਮੁੱਖ ਮੰਤਰੀ ਦੇ ਸਹੁੰ ਚੁੱਕਣ ਲਈ ਸਮਾਰੋਹ 30 ਮਈ ਨੂੰ ਹੋਵੇਗਾ।
ਜਗਨਮੋਹਨ ਰੈੱਡੀ ਸਮੇਤ ਹੁਣ 151 ਵਿਧਾਇਕਾਂ ਨੇ ਰਾਜਧਾਨੀ ਅਮਰਾਵਤੀ ਦੇ ਟਾਡੇਪੱਲੀ ਖੇਤਰ 'ਚ ਸਥਿਤ ਰੈੱਡੀ ਦੇ ਨਿਵਾਸ 'ਤੇ ਹੋਈ ਬੈਠਕ 'ਚ ਭਾਗ ਲਿਆ। ਸੀਨੀਅਰ ਨੇਤਾ ਬੋਤਸ ਸੱਤਿਆ ਨਰਾਇਣ ਨੇ ਵਾਈ. ਐੱਸ. ਆਰ. ਸੀ. ਪੀ. ਵਿਧਾਇਕਾਂ ਦਲ ਦੇ ਨੇਤਾ ਦੇ ਤੌਰ 'ਤੇ ਰੈੱਡੀ ਦੇ ਨਾਂ ਦਾ ਪ੍ਰਸਤਾਵ ਰੱਖਿਆ ਅਤੇ ਇਸ ਤੋਂ ਬਾਅਦ ਧਰਮ ਪ੍ਰਸਾਦ ਰਾਓ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਇਸ 'ਤੇ ਸਹਿਮਤੀ ਜਤਾਈ ਹੈ। ਇਹ ਬੈਠਕ ਜਗਨਮੋਹਨ ਦੇ ਮਹਿਰੂਮ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਵਾਈ. ਐੱਸ. ਰਾਜਸ਼ੇਖਰ ਰੈੱਡੀ ਦੀ ਮੂਰਤੀ 'ਤੇ ਮਾਲਾ ਚੜ੍ਹਾਉਣ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ ਜਗਨ ਨੂੰ ਨਵੇਂ ਚੁਣੇ ਵਿਧਾਇਕਾਂ ਨੇ ਸ਼ੁੱਭਕਾਮਨਾਵਾਂ ਦਿੱਤੀਆਂ। ਨਵੇਂ ਚੁਣੇ ਵਿਧਾਇਕਾਂ ਦੀ ਬੈਠਕ ਤੋਂ ਬਾਅਦ ਪਾਰਟੀ ਦੇ ਲੋਕ ਸਭਾ ਮੈਂਬਰਾਂ ਦੀ ਬੈਠਕ ਹੋਈ।
ਜਗਨਮੋਹਨ ਬਾਅਦ 'ਚ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਨਾਲ ਹੈਦਰਾਬਾਦ ਜਾਣਗੇ, ਜਿੱਥੇ ਉਹ ਰਾਜਪਾਲ ਈ. ਐੱਸ. ਐੱਲ. ਨਰਸਿਮ੍ਹਾਂ ਨਾਲ ਮੁਲਾਕਾਤ ਕਰਨਗੇ ਅਤੇ ਜਗਨਮੋਹਨ ਨੂੰ ਵਿਧਾਇਕ ਦਲ ਦਾ ਨੇਤਾ ਚੁਣਨ ਦੇ ਬਾਰੇ 'ਚ ਉਨ੍ਹਾਂ ਨੂੰ ਸੂਚਿਤ ਕਰਨਗੇ। ਰਾਜਪਾਲ ਇਸ ਤੋਂ ਬਾਅਦ ਜਗਨਮੋਹਨ ਨੂੰ ਸਰਕਾਰ ਬਣਾਉਣ ਲਈ ਸੱਦਾ ਭੇਜਣਗੇ। ਨੌਜਵਾਨ ਨੇਤਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ 30 ਮਈ ਨੂੰ ਵਿਜਵਾੜਾ ਤੋਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
ਦੱਸ ਦੇਈਏ ਕਿ ਆਂਧਰਾ ਪ੍ਰਦੇਸ਼ 'ਚ ਲੋਕ ਸਭਾ ਦੇ ਨਾਲ ਹੋਈਆਂ ਵਿਧਾਨ ਸਭਾ ਚੋਣਾਂ 'ਚ ਵਾਈ. ਐੱਸ. ਆਰ. ਸੀ . ਪੀ ਨੂੰ ਦੋ-ਤਿਹਾਈ ਬਹੁਮਤ ਹਾਸਲ ਹੋਇਆ ਹੈ। ਪਾਰਟੀ ਨੇ 175 ਮੈਂਬਰੀ ਆਂਧਰਾ ਪ੍ਰਦੇਸ਼ ਵਿਧਾਨ ਸਭਾ 'ਚ ਵਾਈ. ਐੈੱਸ. ਆਰ. ਕਾਂਗਰਸ ਨੂੰ 151 ਸੀਟਾਂ ਮਿਲੀਆਂ ਹਨ। ਸੂਬੇ 'ਚੋਂ ਕਰਾਰੀ ਹਾਰ ਮਿਲਣ 'ਤੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀਰਵਾਰ ਨੂੰ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੱਤਾਧਾਰੀ ਤੇਲਗੂ ਦੇਸ਼ਮ ਪਾਰਟੀ ਨੂੰ ਸਿਰਫ 23 ਸੀਟਾਂ ਹੀ ਮਿਲੀਆਂ ਸੀ।