ਗੈਰ-ਕਾਨੂੰਨੀ ਤੌਰ ''ਤੇ ਚਲਾਏ ਜਾ ਰਹੇ IVF ਸੈਂਟਰ ’ਚ ਮਿਲੇ 84 ਭਰੂਣ
Friday, Jul 18, 2025 - 10:08 AM (IST)

ਗੁਰੂਗ੍ਰਾਮ (ਧਰਮਿੰਦਰ)- ਸੈਕਟਰ-29 ਥਾਣਾ ਖੇਤਰ ਵਿਚ ਸਿਹਤ ਵਿਭਾਗ ਦੀ ਟੀਮ ਨੇ ਅਲਟਰਾਸਾਊਂਡ ਮਸ਼ੀਨ ਦੀ ਇਜਾਜ਼ਤ ਲੈ ਕੇ ਗੈਰ-ਕਾਨੂੰਨੀ ਤੌਰ ’ਤੇ ਚਲਾਏ ਜਾ ਰਹੇ ਇਕ ਆਈ.ਵੀ.ਐੱਫ. ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿਹਤ ਵਿਭਾਗ ਨੇ ਗੁੜਗਾਓਂ ਦੇ ਇਕ ਪਾਸ਼ ਇਲਾਕੇ ਸੁਸ਼ਾਂਤ ਲੋਕ ਵਿਚ ਚੱਲ ਰਹੇ ਇਸ ਗੈਰ-ਕਾਨੂੰਨੀ ਆਈ. ਵੀ. ਐੱਫ. ਸੈਂਟਰ ਦਾ ਇਕ ਸਾਲ ਬਾਅਦ ਪਤਾ ਲਗਾਇਆ ਹੈ। ਮੌਕੇ ’ਤੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਇੱਥੋਂ 84 ਭਰੂਣ ਬਰਾਮਦ ਕੀਤੇ ਜਿਨ੍ਹਾਂ ਨੂੰ ਹੋਰ ਹਸਪਤਾਲਾਂ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।
ਸ਼ਿਕਾਇਤ ਦੇ ਆਧਾਰ ’ਤੇ ਸੈਕਟਰ-29 ਥਾਣੇ ਦੀ ਪੁਲਸ ਨੇ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਨਾਮਜ਼ਦ ਕਰ ਕੇ ਮਾਮਲਾ ਦਰਜ ਕੀਤਾ ਹੈ। ਡਾ. ਰਿਤੂ ਨੰਦਲ ਦੀ ਅਗਵਾਈ ਹੇਠ ਇਕ ਟੀਮ ਬਣਾਈ ਗਈ ਅਤੇ ਸੁਸ਼ਾਂਤ ਲੋਕ ਫੇਜ਼-1 ਵਿਚ ਦੱਸੀ ਗਈ ਜਗ੍ਹਾ ’ਤੇ ਭੇਜੀ ਗਈ। ਫਰਟੀਲਿਟੀ ਟਰੂ ਸੈਂਟਰ ਦੇ ਨਾਂ ’ਤੇ ਇਕ ਆਈ. ਵੀ. ਐੱਫ. ਸੈਂਟਰ ਚੱਲਦਾ ਪਾਇਆ ਗਿਆ। ਪੁੱਛਗਿੱਛ ਦੌਰਾਨ, ਸੈਂਟਰ ਸੰਚਾਲਿਕਾ ਕੋਈ ਵਿਭਾਗੀ ਇਜਾਜ਼ਤ ਸਬੰਧੀ ਕਾਗਜਾਤ ਨਹੀਂ ਦਿਖਾ ਸਕੀ।