ਅਡਾਨੀ ਮੁੱਦੇ 'ਤੇ ਵਿਰੋਧੀ ਧਿਰ ਦਾ ਸੰਸਦ 'ਚ 'ਸੰਗ੍ਰਾਮ', ਦੋਹਾਂ ਸਦਨਾਂ ਦੀ ਕਾਰਵਾਈ 2 ਵਜੇ ਤੱਕ ਮੁਲਵਤੀ
Monday, Feb 06, 2023 - 12:02 PM (IST)
ਨਵੀਂ ਦਿੱਲੀ- ਲੋਕ ਸਭਾ ਅਤੇ ਰਾਜ ਸਭਾ 'ਚ ਸੋਮਵਾਰ ਨੂੰ ਅਡਾਨੀ ਸਮੂਹ ਨਾਲ ਜੁੜੋ ਮਾਮਲੇ 'ਤੇ ਚਰਚਾ ਕਰਾਉਣ ਅਤੇ ਸਾਂਝੀ ਸੰਸਦੀ ਕਮੇਟੀ (ਜੇ. ਪੀ. ਸੀ.) ਦੇ ਗਠਨ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਅੜਿਆ ਹੋਇਆ ਹੈ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਮਗਰੋਂ ਦੁਪਹਿਰ 2 ਵਜੇ ਤੱਕ ਦੋਹਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ- ਅਡਾਨੀ ਮਾਮਲੇ ਦੀ JPC ਜਾਂਚ 'ਤੇ ਅੜਿਆ ਵਿਰੋਧੀ ਧਿਰ, ਸੰਸਦ ਕੰਪਲੈਕਸ 'ਚ ਕੀਤਾ ਪ੍ਰਦਰਸ਼ਨ
ਕਾਂਗਰਸ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀ ਚੁੱਪੀ ਤੋਂ ਮਿਲੀਭੁਗਤ ਦਾ ਸ਼ੱਕ ਹੁੰਦਾ ਹੈ। ਵਿਰੋਧੀ ਧਿਰ ਦੇ ਮੈਂਬਰਾਂ ਨੇ ਅਡਾਨੀ ਸਮੂਹ 'ਤੇ ਹਿੰਡਨਬਰਗ ਰਿਸਰਚ ਦੀ ਰਿਪੋਰਟ ਅਤੇ ਸ਼ੇਅਰ ਬਜ਼ਾਰ ਵਿਚ ਉਸ ਨਾਲ ਜੁੜੇ ਘਟਨਾਕ੍ਰਮ ਦੇ ਮੁੱਦੇ 'ਤੇ ਜਾਂਚ ਲਈ ਜੇ. ਪੀ. ਸੀ. ਦੇ ਗਠਨ ਕਰਨ ਅਤੇ ਇਸ ਮੁੱਦੇ 'ਤੇ ਸੰਸਦ ਵਿਚ ਚਰਚਾ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ ਗਿਆ, ਜਿਸ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ।
ਕੀ ਕਹਿਣਾ ਹੈ ਸੰਸਦ ਮੈਂਬਰਾਂ ਦਾ?
-ਅਡਾਨੀ ਮਾਮਲੇ 'ਤੇ ਕਾਂਗਰਸ ਦੇ ਸੰਸਦ ਮੈਂਬਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਅਸੀਂ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਜਾਂਚ ਚਾਹੁੰਦੇ ਹਾਂ, ਸਰਕਾਰ ਸਭ ਕੁਝ ਲੁਕਾਉਣਾ ਚਾਹੁੰਦੀ ਹੈ। ਸਰਕਾਰ ਦਾ ਭੇਤ ਬੇਨਕਾਬ ਹੋ ਗਿਆ ਹੈ।
-ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ਅਸੀਂ ਜੋ ਨੋਟਿਸ (267) ਦਿੱਤਾ ਹੈ, ਉਸ 'ਤੇ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਇਹ ਰਾਸ਼ਟਰਪਤੀ ਦੇ ਭਾਸ਼ਣ ਤੋਂ ਵੱਖਰਾ ਵਿਸ਼ਾ ਹੈ, ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਇਸ 'ਤੇ ਚਰਚਾ ਹੋਵੇ।
-ਰਾਸ਼ਟਰੀ ਜਨਤਾ ਦਲ ਦੇ ਸਾਂਸਦ ਮਨੋਜ ਝਾਅ ਨੇ ਕਿਹਾ, ਦੇਸ਼ ਦਾ ਹਰ ਵਰਗ ਚਿੰਤਤ ਹੈ ਪਰ ਸਰਕਾਰ ਇਸ 'ਤੇ ਪਰਦਾ ਪਾ ਰਹੀ ਹੈ। ਉਸ ਖਾਸ ਵਿਅਕਤੀ (ਅਡਾਨੀ) ਦਾ ਕਹਿਣਾ ਹੈ ਕਿ ਇਹ ਮੇਰੇ 'ਤੇ ਨਹੀਂ ਸਗੋਂ ਦੇਸ਼ 'ਤੇ ਹਮਲਾ ਹੈ।
-ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਸੰਸਦ ਭਵਨ ਕੰਪਲੈਕਸ 'ਚ ਗਾਂਧੀ ਜੀ ਦੀ ਮੂਰਤੀ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਉਹ ਅਡਾਨੀ ਗਰੁੱਪ ਬਾਰੇ ਜੇ.ਪੀ.ਸੀ ਜਾਂਚ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ- ਦੁਖ਼ਦ ਖ਼ਬਰ; ਫ਼ੌਜ 'ਚ ਭਰਤੀ ਦੀ ਤਿਆਰੀ ਕਰ ਰਿਹਾ ਨੌਜਵਾਨ ਗਸ਼ ਖਾ ਕੇ ਡਿੱਗਿਆ, ਮੌਕੇ 'ਤੇ ਹੋਈ ਮੌਤ
ਦੱਸ ਦੇਈਏ ਕਿ ਅਮਰੀਕਾ ਦੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਦੀ ਰਿਪੋਰਟ 'ਚ ਗੌਤਮ ਅਡਾਨੀ ਦੀ ਅਗਵਾਈ ਵਾਲੇ ਸਮੂਹ 'ਤੇ ਧੋਖਾਧੜੀ ਵਾਲੇ ਲੈਣ-ਦੇਣ ਅਤੇ ਸ਼ੇਅਰਾਂ ਦੀਆਂ ਕੀਮਤਾਂ 'ਚ ਹੇਰਾ-ਫੇਰੀ ਦਾ ਦੋਸ਼ ਲਗਾਇਆ ਗਿਆ ਸੀ। ਉਦੋਂ ਤੋਂ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਦਾ ਸਿਲਸਿਲਾ ਸ਼ੁਰੂ ਹੋ ਗਿਆ। ਅਡਾਨੀ ਸਮੂਹ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਉਹ ਸਾਰੀਆਂ ਕਾਨੂੰਨਾਂ ਦੀ ਪਾਲਣਾ ਕਰ ਰਿਹਾ ਹੈ।