ਇਸਰੋ ਨੇ ਮੁੜ ਵਰਤੋਂਯੋਗ ਲਾਂਚ ਵਾਹਨ ਆਟੋਨੋਮਸ ਲੈਂਡਿੰਗ ਮਿਸ਼ਨ ਦਾ ਕੀਤਾ ਸਫਲਤਾਪੂਰਵਕ ਪ੍ਰੀਖਣ
Monday, Apr 03, 2023 - 11:12 AM (IST)
ਬੇਂਗਲੁਰੂ, (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਮੁੜ ਵਰਤੋਂ ਯੋਗ ਲਾਂਚ ਵਾਹਨ ਆਟੋਨੋਮਸ ਲੈਂਡਿੰਗ ਮਿਸ਼ਨ (ਆਰ. ਐੱਲ. ਵੀ. ਐੱਲ. ਏ. ਐਕਸ.) ਦੇ ਤਹਿਤ ਐਤਵਾਰ ਨੂੰ ਸਫਲਤਾਪੂਰਵਕ ਪ੍ਰੀਖਣ ਕੀਤਾ। ਰਾਸ਼ਟਰੀ ਪੁਲਾੜ ਏਜੰਸੀ ਨੇ ਦੱਸਿਆ ਕਿ ਇਹ ਪ੍ਰੀਖਣ ਕਰਨਾਟਕ ਦੇ ਚਿਤਰਦੁਰਗ ’ਚ ਐਰੋਨਾਟਿਕਲ ਟੈਸਟ ਰੇਂਜ (ਏ. ਟੀ. ਆਰ.) ’ਚ ਕੀਤਾ ਗਿਆ। ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਦੇ ਨਾਲ ਇਸਰੋ ਨੇ ਲਾਂਚ ਵਾਹਨ ਦੀ ਆਟੋਨੋਮਸ ਲੈਂਡਿੰਗ ਦੇ ਖੇਤਰ ’ਚ ਸਫਲਤਾ ਹਾਸਲ ਕਰ ਲਈ।
ਇਸਰੋ ਨੇ ਕਿਹਾ ਕਿ ਐੱਲ. ਈ. ਐਕਸ. ਦੇ ਨਾਲ ਹੀ ਮੁੜ ਵਰਤੋਂ ਯੋਗ ਲਾਂਚ ਖੇਤਰ ’ਚ ਭਾਰਤ ਆਪਣੇ ਟੀਚੇ ਦੇ ਇਕ ਹੋਰ ਕਦਮ ਨੇੜੇ ਪਹੁੰਚ ਗਿਆ। ਦੁਨੀਆ ’ਚ ਪਹਿਲੀ ਵਾਰ, ਇਕ ‘ਵਿੰਗ ਬਾਡੀ’ ਨੂੰ ਇਕ ਹੈਲੀਕਾਪਟਰ ਦੀ ਮਦਦ ਨਾਲ 4.5 ਕਿਲੋਮੀਟਰ ਦੀ ਉਚਾਈ ’ਤੇ ਲਿਜਾਇਆ ਗਿਆ ਅਤੇ ਰਨਵੇ ’ਤੇ ਆਟੋਨੋਮਸ ਲੈਂਡਿੰਗ ਲਈ ਦਾਗਿਆ ਗਿਆ।
ਭਾਰਤੀ ਹਵਾਈ ਫੌਜ ਦੇ ਚਿਨੁਕ ਹੈਲੀਕਾਪਟਰ ਦੇ ਜਰੀਏ ਆਰ. ਐੱਲ. ਵੀ. ਨੇ ਭਾਰਤੀ ਸਮੇਂ ਅਨੁਸਾਰ ਸਵੇਰੇ 7 ਵੱਜ ਕੇ 10 ਮਿੰਟ ’ਤੇ (ਔਸਤ ਸਮੁੰਦਰ ਤਲ ਤੋਂ) 4.5 ਕਿਲੋਮੀਟਰ ਦੀ ਉਚਾਈ ਤੱਕ ਉਡਾਣ ਭਰੀ। ਤੈਅ ਮਾਪਦੰਡਾਂ ਤੱਕ ਪੁੱਜਣ ਤੋਂ ਬਾਅਦ ਮਿਸ਼ਨ ਪ੍ਰਬੰਧਨ ਕੰਪਿਊਟਰ ਦੀ ਕਮਾਨ ਦੇ ਆਧਾਰ ’ਤੇ ਆਰ. ਐੱਲ. ਵੀ. ਨੂੰ ’ਚ ਹਵਾ ’ਚ 4.6 ਕਿਲੋਮੀਟਰ ਦੀ ਹੌਰੀਜ਼ੌਂਟਲ ਦੂਰੀ ਤੋਂ ਛੱਡਿਆ ਗਿਆ। ਸਥਿਤੀ, ਵੇਗ, ਉਚਾਈ ਆਦਿ ਸਮੇਤ 10 ਮਾਪਦੰਡਾਂ ’ਤੇ ਨਜ਼ਰ ਰੱਖੀ ਗਈ ਅਤੇ ਇਨ੍ਹਾਂ ਦੇ ਪੂਰੇ ਹੋਣ ’ਤੇ ਆਰ. ਐੱਲ. ਵੀ. ਨੂੰ ਦਾਗਿਆ ਗਿਆ। ਆਰ. ਐੱਲ. ਵੀ. ਨੂੰ ਛੱਡੇ ਜਾਣ ਦੀ ਪ੍ਰਕਿਰਿਆ ਨਿੱਜੀ ਸੀ। ਆਰ. ਐੱਲ. ਵੀ. ਨੇ ਏਕੀਕ੍ਰਿਤ ਨੇਵੀਗੇਸ਼ਨ, ਮਾਰਗਦਰਸ਼ਨ ਅਤੇ ਕੰਟਰੋਲ ਸਿਸਟਮ ਦੀ ਵਰਤੋਂ ਕਰਦੇ ਹੋਏ ਹੇਠਾਂ ਉਤਰਨਾ ਸ਼ੁਰੂ ਕੀਤਾ ਅਤੇ ਉਸ ਨੇ ਭਾਰਤੀ ਸਮੇਂ ਅਨੁਸਾਰ ਸਵੇਰੇ 7 ਵੱਜ ਕੇ 40 ਮਿੰਟ ’ਤੇ ਆਟੋਨੋਮਸ ਤਰੀਕੇ ਨਾਲ ਲੈਂਡਿੰਗ ਕੀਤੀ। ਆਟੋਨੋਮਸ ਲੈਂਡਿੰਗ ਦੀ ਪ੍ਰਕਿਰਿਆ ਪੁਲਾੜ ਮੁੜ-ਪ੍ਰਵੇਸ਼ ਵਾਹਨ ਦੀ ਲੈਂਡਿੰਗ ਸਬੰਧੀ ਸਟੀਕ ਸ਼ਰਤਾਂ ਦੇ ਤਹਿਤ ਕੀਤੀ ਗਈ।
ਇਸਰੋ ਤੋਂ ਇਲਾਵਾ ਭਾਰਤੀ ਹਵਾਈ ਫੌਜ, ਸੈਨਾ ਉਡਣ ਯੋਗਤਾ ਅਤੇ ਪ੍ਰਮਾਣੀਕਰਨ ਕੇਂਦਰ, ਐਰੋਨਾਟਿਕਲ ਵਿਕਾਸ ਸੰਸਥਾਨ ਅਤੇ ਹਵਾਈ ਡਲਿਵਰੀ ਖੋਜ ਅਤੇ ਵਿਕਾਸ ਸੰਸਥਾਨ ਨੇ ਇਸ ਪ੍ਰੀਖਣ ’ਚ ਅਹਿਮ ਯੋਗਦਾਨ ਦਿੱਤਾ। ਪੁਲਾੜ ਵਿਭਾਗ ਦੇ ਸਕੱਤਰ ਅਤੇ ਇਸਰੋ ਦੇ ਪ੍ਰਧਾਨ ਐੱਸ. ਸੋਮਨਾਥ ਉਨ੍ਹਾਂ ਲੋਕਾਂ ’ਚ ਸ਼ਾਮਲ ਸਨ, ਜੋ ਇਸ ਪ੍ਰੀਖਣ ਦੇ ਗਵਾਹ ਬਣੇ।