ਚੰਦਰਯਾਨ-2 : ਪੀ. ਐੱਮ. ਮੋਦੀ ਬੋਲੇ - 'ਹੌਂਸਲਾ ਕਮਜ਼ੋਰ ਨਹੀਂ ਮਜ਼ਬੂਤ ਹੋਇਆ'

09/07/2019 8:17:35 AM

ਬੈਂਗਲੁਰੂ— ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ ਮਗਰੋਂ ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਸਵੇਰੇ ਇਸਰੋ ਸੈਂਟਰ ਪੁੱਜੇ ਅਤੇ ਇੱਥੇ ਉਨ੍ਹਾਂ ਨੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ ਤੇ ਦੇਸ਼ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਚੰਦਰਮਾ ਦੀ ਸਤ੍ਹਾ 'ਤੇ ਨਹੀਂ ਪੁੱਜ ਸਕੇ ਪਰ ਸਾਡੇ ਹੌਂਸਲੇ ਅਜੇ ਵੀ ਮਜ਼ਬੂਤ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਵੀ ਸੰਪਰਕ ਟੁੱਟਣ ਦੇ ਪਲ ਨੂੰ ਸਭ ਵਾਂਗ ਮਹਿਸੂਸ ਕੀਤਾ ਹੈ ਪਰ ਰੁਕਾਵਟਾਂ ਨਾਲ ਸਾਡਾ ਹੌਂਸਲਾ ਕਮਜ਼ੋਰ ਨਹੀਂ ਸਗੋਂ ਮਜ਼ਬੂਤ ਹੋਇਆ ਹੈ। ਚੰਦਰਮਾ ਨੂੰ ਛੂਹਣ ਦੀ ਸਾਡੀ ਇੱਛਾ ਸ਼ਕਤੀ ਮਜ਼ਬੂਤ ਹੋਈ ਹੈ ਤੇ ਸੰਕਲਪ ਵੀ ਹੋਰ ਦ੍ਰਿੜ ਹੋਏ ਹਨ। ਇਸਰੋ ਕਦੇ ਹਾਰ ਮੰਨਣ ਵਾਲਿਆਂ 'ਚੋਂ ਨਹੀਂ ਹੈ। ਨਵੀਂ ਸਿਖ ਸਾਨੂੰ ਹੋਰ ਮਜ਼ਬੂਤ ਬਣਾਵੇਗੀ। ਉਨ੍ਹਾਂ ਨੇ ਵਿਗਿਆਨੀਆਂ ਨੂੰ ਗਲੇ ਲਗਾ ਕੇ ਤੇ ਹੱਥ ਮਿਲਾ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ।


ਜ਼ਿਕਰਯੋਗ ਹੈ ਕਿ ਚੰਦ ਦੀ ਸਤ੍ਹਾ ਤੋਂ 2.1 ਕਿਲੋਮੀਟਰ ਪਹਿਲਾਂ ਚੰਦਰਯਾਨ-2 ਦਾ ਪ੍ਰਿਥਵੀ ਨਾਲੋਂ ਸੰਪਰਕ ਟੁੱਟਿਆ। ਲੈਂਡਿੰਗ ਚੰਦਰਮਾ ਦੇ ਦੱਖਣੀ ਧਰੁਵ 'ਤੇ ਰਾਤ 1.55 ਵਜੇ ਹੋਣੀ ਸੀ, ਇਥੇ ਇਸ ਤੋਂ ਪਹਿਲਾਂ ਕਿਸੇ ਵੀ ਦੇਸ਼ ਦਾ ਯਾਨ ਨਹੀਂ ਪਹੁੰਚ ਸਕਿਆ ਸੀ। ਲੈਂਡਿੰਗ ਕਾਮਯਾਬ ਰਹਿੰਦੀ ਤਾਂ ਸਵੇਰੇ 5.19 'ਤੇ ਰੋਵਰ ਪ੍ਰਗਿਆਨ ਬਾਹਰ ਆਉਂਦਾ ਤੇ ਸਵੇਰੇ 5.45 ਵਜੇ ਪਹਿਲੀ ਤਸਵੀਰ ਕਲਿਕ ਕਰਦਾ।
ਜੇਕਰ ਇਸ ਦਾ ਸੰਪਰਕ ਨਾ ਟੁੱਟਦਾ ਤਾਂ ਭਾਰਤ ਚੰਦਰਮਾ 'ਤੇ ਉਤਰਨ ਵਾਲਾ ਚੌਥਾ ਦੇਸ਼ ਬਣਦਾ ਤੇ ਰੋਬੋਟਿਕ ਰੋਵਰ ਚਲਾਉਣ ਵਾਲਾ ਤੀਜਾ ਦੇਸ਼ ਹੁੰਦਾ। ਸਭ ਤੋਂ ਖਾਸ ਗੱਲ ਇਹ ਹੈ ਕਿ ਰੋਵਰ ਪ੍ਰਗਿਆਨ ਦੇ ਪਹੀਆਂ 'ਤੇ ਅਸ਼ੋਕ ਚਿੰਨ੍ਹ ਅਤੇ ਇਸਰੋ ਦਾ ਲੋਗੋ ਹੈ, ਪ੍ਰਗਿਆਨ ਚੱਲਦਾ ਤਾਂ ਚੰਦ 'ਤੇ ਇਨ੍ਹਾਂ ਦੇ ਨਿਸ਼ਾਨ ਛੱਡਦਾ। ਭਾਰਤ ਚੰਦ ਦੇ ਸਭ ਤੋਂ ਮੁਸ਼ਕਲ ਦੱਖਣੀ ਧਰੁਵ 'ਤੇ ਇਤਿਹਾਸ ਰਚਣ ਤੋਂ 69 ਸਕਿੰਟ ਦੂਰ ਸੀ। ਹਾਲਾਂਕਿ ਚੰਦ ਦੇ ਪੰਧ 'ਚ ਮੌਜੂਦ ਓਰਬੀਟਰ ਇਕ ਸਾਲ ਤਕ ਚੰਦ ਬਾਰੇ ਜਾਣਕਾਰੀ ਦਿੰਦਾ ਰਹੇਗਾ। ਇਜ਼ਰਾਇਲ ਨੇ ਵੀ ਇਸ ਸਾਲ 11 ਅਪ੍ਰੈਲ ਨੂੰ ਦੱਖਣੀ ਧਰੁਵ 'ਤੇ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ ਜੋ ਅਸਫਲ ਰਹੀ।


Related News