ਇਸਰੋ ਦੀ ਵੱਡੀ ਕਾਮਯਾਬੀ, ਚੰਦਰਮਾ ''ਤੇ ਪਹਿਲੀ ਵਾਰ ਸੋਡੀਅਮ ਦਾ ਪਤਾ ਲਗਾਇਆ
Saturday, Oct 08, 2022 - 11:23 AM (IST)
 
            
            ਬੈਂਗਲੁਰੂ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੂੰ ਇਕ ਵੱਡੀ ਸਫਲਤਾ ਹੱਥ ਲੱਗੀ ਹੈ ਅਤੇ ਇਸ ਦੇ ਚੰਦਰਯਾਨ-2 ਆਰਬਿਟਰ ਦੇ ਐਕਸ-ਰੇ ਸਪੈਕਟਰੋਮੀਟਰ 'ਕਲਾਸ' ਨੇ ਪਹਿਲੀ ਵਾਰ ਚੰਦਰਮਾ ਦੀ ਸਤ੍ਹਾ 'ਤੇ ਭਰਪੂਰ ਮਾਤਰਾ 'ਚ ਸੋਡੀਅਮ ਦਾ ਪਤਾ ਲਗਾਇਆ ਹੈ। ਇਸਰੋ ਨੇ ਕਿਹਾ ਕਿ ਚੰਦਰਯਾਨ-1 ਐਕਸ-ਰੇ ਫਲੋਰੋਸੈਂਸ ਸਪੈਕਟਰੋਮੀਟਰ (ਸੀ1ਐਕਸਐੱਸ) ਨੇ ਸੋਡੀਅਮ ਦਾ ਪਤਾ ਲਗਾਇਆ ਹੈ, ਜਿਸ ਨਾਲ ਚੰਦਰਮਾ 'ਤੇ ਸੋਡੀਅਮ ਦੀ ਮਾਤਰਾ ਦਾ ਪਤਾ ਲਗਾਉਣ ਦੀ ਸੰਭਾਵਨਾ ਦਾ ਰਸਤਾ ਖੁੱਲ੍ਹ ਗਿਆ ਹੈ। ਰਾਸ਼ਟਰੀ ਪੁਲਾੜ ਏਜੰਸੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ 'ਦਿ ਏਸਟ੍ਰੋਫਿਜ਼ੀਕਲ ਜਰਨਲ ਲੈਟਰਸ' 'ਚ ਪ੍ਰਕਾਸ਼ਿਤ ਇਕ ਤਾਜ਼ਾ ਖੋਜ ਰਿਪੋਰਟ ਦੇ ਅਨੁਸਾਰ, ਚੰਦਰਯਾਨ-2 ਨੇ ਪਹਿਲੀ ਵਾਰ ਕਲਾਸ (ਚੰਦਰਯਾਨ-2 ਲਾਰਜ ਏਰੀਆ ਸਾਫ਼ਟ ਐਕਸਰੇਅ-ਸਪੈਟ੍ਰੋਮੀਟਰ) ਦਾ ਇਸਤੇਮਾਲ ਕਰ ਕੇ ਚੰਦਰਮਾ 'ਤੇ ਭਰਪੂਰ ਮਾਤਰਾ 'ਚ ਸੋਡੀਅਮ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ। ਬਿਆਨ 'ਚ ਕਿਹਾ ਗਿਆ,''ਬੈਂਗਲੁਰੂ 'ਚ ਇਸਰੋ ਦੇ ਯੂ ਆਰ ਰਾਵ ਸੈਟੇਲਾਈਟ ਕੇਂਦਰ 'ਚ ਨਿਰਮਿਤ 'ਕਲਾਸ' ਆਪਣੀ ਉੱਚ ਸਮਰੱਥਾ ਅਤੇ ਕੁਸ਼ਲਤਾ ਦੇ ਕਾਰਨ ਇਕ ਸੋਡੀਅਮ ਲਾਈਨ ਦਾ ਸਪੱਸ਼ਟ ਸਬੂਤ ਉਪਲੱਬਧ ਕਰਵਾਉਂਦਾ ਹੈ।''
ਇਹ ਵੀ ਪੜ੍ਹੋ : ਗੁਜਰਾਤ ਤੋਂ ਵੱਡੀ ਖ਼ਬਰ : ਪਾਕਿਸਤਾਨੀ ਕਿਸ਼ਤੀ 'ਚੋਂ ਜ਼ਬਤ ਹੋਈ 360 ਕਰੋੜ ਰੁਪਏ ਦੀ ਹੈਰੋਇਨ
ਅਧਿਐਨ ਵਿਚ ਪਾਇਆ ਗਿਆ ਕਿ ਅਜਿਹਾ ਹੋ ਸਕਦਾ ਹੈ ਕਿ ਚੰਦਰਮਾ 'ਤੇ ਸੋਡੀਅਮ ਹੋਣ ਦੇ ਸੰਕੇਤ ਸੋਡੀਅਮ ਦੇ ਅਣੂਆਂ ਦੀ ਪਤਲੀ ਪਰਤ ਤੋਂ ਵੀ ਮਿਲੇ ਹੋਣ ਜੋ ਚੰਦਰਮਾ ਦੇ ਕਣਾਂ ਨਾਲ ਕਮਜ਼ੋਰ ਰੂਪ ਨਾਲ ਜੁੜੇ ਹੁੰਦੇ ਹਨ। ਜੇਕਰ ਇਹ ਸੋਡੀਅਮ ਚੰਦਰਮਾ ਦੇ ਖਣਿਜਾਂ ਦਾ ਹਿੱਸਾ ਹਨ ਤਾਂ ਇਹ ਸੋਡੀਅਮ ਦੇ ਅਣੂ ਸੂਰਜੀ ਹਵਾ ਜਾਂ ਪਰਾਬੈਂਗਣੀ ਰੇਡੀਏਸ਼ਨ ਤੋਂ ਵੱਧ ਆਸਾਨੀ ਨਾਲ ਬਾਹਰ ਕੱਢੇ ਜਾ ਸਕਦੇ ਹਨ। ਬਿਆਨ ਦੇ ਅਨੁਸਾਰ, ਇਸ ਖਾਰੀ ਤੱਤ 'ਚ ਦਿਲਚਸਪੀ ਪੈਦਾ ਕਰਨ ਵਾਲਾ ਇਕ ਰੋਚਕ ਪਹਿਲੂ ਚੰਦਰਮਾ ਦੇ ਵਾਤਾਵਰਣ 'ਚ ਇਸ ਦੀ ਮੌਜੂਦਗੀ ਹੈ, ਜੋ ਕਿ ਇੰਨਾ ਤੰਗ ਖੇਤਰ ਹੈ ਕਿ ਉੱਥੇ ਅਣੂ ਵੀ ਘੱਟ ਹੀ ਮਿਲਦੇ ਹਨ। ਇਸ ਖੇਤਰ ਨੂੰ 'ਐਕਸੋਸਫੀਅਰ' ਕਿਹਾ ਜਾਂਦਾ ਹੈ, ਜੋ ਚੰਦਰਮਾ ਦੀ ਸਤ੍ਹਾ ਤੋਂ ਸ਼ੁਰੂ ਹੁੰਦਾ ਹੈ ਅਤੇ ਹਜ਼ਾਰਾਂ ਕਿਲੋਮੀਟਰ ਤੱਕ ਫੈਲਦਾ ਹੈ। ਇਸਰੋ ਨੇ ਕਿਹਾ,"ਚੰਦਰਯਾਨ-2 ਦੀ ਇਸ ਨਵੀਂ ਜਾਣਕਾਰੀ ਚੰਦਰਮਾ 'ਤੇ ਸਤਿਹ-ਐਕਸੋਸਫੀਅਰ ਬਾਰੇ ਇਕ ਨਵਾਂ ਅਧਿਐਨ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਸਾਡੇ ਸੌਰ ਮੰਡਲ ਅਤੇ ਇਸ ਤੋਂ ਬਾਹਰ ਦੇ ਬੁੱਧ ਅਤੇ ਹੋਰ ਹਵਾ ਰਹਿਤ ਪਿੰਡਾਂ ਲਈ ਅਜਿਹੇ ਹੀ ਮਾਡਲ ਵਿਕਸਿਤ ਕਰਨ 'ਚ ਮਦਦ ਮਿਲੇਗੀ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            