ਸਪੈਸ਼ਲ ਮੈਰਿਜ਼ ਐਕਟ ਦੇ ਤਹਿਤ ਇਰੋਮ ਸ਼ਰਮਿਲਾ ਜਲਦ ਕਰ ਰਹੀ ਹੈ ਵਿਆਹ
Thursday, Jul 13, 2017 - 11:17 AM (IST)

ਨਵੀਂ ਦਿੱਲੀ—ਮਣੀਪੁਰ ਦੀ 16 ਸਾਲ ਤੱਕ ਭੁੱਖ ਹੜਤਾਲ 'ਤੇ ਰਹੀ ਚਰਚਿਤ ਇਰੋਮ ਸ਼ਰਮਿਲਾ ਦਾ ਜਲਦ ਹੀ ਵਿਆਹ ਹੋਣ ਜਾ ਰਿਹਾ ਹੈ। ਇਰੋਮ ਇਕ ਬ੍ਰਿਟਿਸ਼ ਨਾਗਰਿਕ ਨਾਲ ਵਿਆਹ ਕਰੇਗੀ। ਕੱਲ ਬੁੱਧਵਾਰ (12 ਜੁਲਾਈ) ਨੂੰ ਉਨ੍ਹਾਂ ਨੇ ਆਪਣੇ ਵਿਆਹ ਦੇ ਲਈ ਸਾਰੇ ਜ਼ਰੂਰੀ ਕਾਰਜ਼ ਖੋਦੈਖਨਲ 'ਚ ਸਭ-ਰਜਿਸਟਾਰ ਆਫਿਸ 'ਚ ਜਮ੍ਹਾ ਕਰਵਾਏ ਹਨ। ਇਰੋਮ ਦਾ ਵਿਆਹ ਡੇਸਮੰਡ ਕੂਟਿਨਹੋ ਨਾਂ ਦੇ ਇਕ ਬ੍ਰਿਟਿਸ਼ ਨਾਗਰਿਕ ਨਾਲ ਹੋਣ ਜਾ ਰਿਹਾ ਹੈ। ਮੀਡੀਆ ਦੇ ਮੁਤਾਬਕ ਇਰੋਮ ਨੇ ਰਜਿਸਟਰਡ ਆਫਿਸ 'ਚ ਆਪਣੇ ਵਿਆਹ ਦੀਆਂ ਰਸਮਾਂ ਪੂਰੀ ਕਰਨ ਲਈ ਦਫਤਰ 'ਚ ਲੱਗਭਗ 2 ਘੰਟੇ ਬਿਤਾਏ। ਹਾਲਾਂਕਿ ਇਰੋਮ ਅਤੇ ਡੇਸਮੰਡ ਨੂੰ ਵਿਆਹ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਖਬਰ ਮੁਤਾਬਕ ਸਭ ਰਜਿਸਟਾਰ ਰਾਜੇਸ਼ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਤੁਰੰਤ ਵਿਆਹ ਦੀ ਇਜਾਜ਼ਤ ਨਹੀਂ ਦੇ ਸਕਦੇ। ਇਸ ਦਾ ਕਾਰਨ ਉਨ੍ਹਾਂ ਨੇ ਅੰਤਰ-ਧਾਰਮਿਕ ਵਿਆਹ ਨੂੰ ਦੱਸਿਆ। ਰਾਜੇਸ਼ ਨੇ ਦੱਸਿਆ ਕਿ ਕਾਨੂੰਨੀ ਤੌਰ 'ਤੇ ਅੰਤਰ-ਧਾਰਮਿਕ ਵਿਆਹ ਹਿੰਦੂ ਮੈਰਿਜ਼ ਐਕਟ ਦੇ ਤਹਿਤ ਨਹੀਂ ਹੋ ਸਕਦਾ। ਵਿਆਹ ਦੇ ਲਈ ਦੋਵਾਂ ਨੂੰ ਸਪੈਸ਼ਲ ਮੈਰਿਜ਼ ਐਕਟ ਦੇ ਤਹਿਤ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ, ਜਿਸ 'ਚ 30 ਦਿਨ ਤੱਕ ਦਾ ਸਮਾਂ ਲੱਗ ਸਕਦਾ ਹੈ। ਉੱਥੇ ਖਬਰ ਮੁਤਾਬਕ ਵਿਆਹ ਦੀ ਰਜਿਸਟਰੇਸ਼ਨ ਦੀ ਤਾਰੀਖ ਦੇ ਬਾਰੇ 'ਚ ਪੁਲਸ ਨੇ ਵੀ ਜਾਣਕਾਰੀ ਮੰਗੀ ਹੈ। ਪੁਲਸ ਇਰੋਮ ਨੂੰ ਲੰਬੇ ਸਮੇਂ ਤੋਂ ਮਾਨੀਟਰ ਕਰਦੀ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਇਰੋਮ ਦੀ ਪਰਛਾਈ ਦੁਨੀਆ ਭਰ 'ਚ ਇਕ ਚਰਚਿਤ ਮਨੁੱਖੀ ਅਧਿਕਾਰ ਕਾਰਜਕਰਤਾ ਦੀ ਹੈ। ਇੰਫਾਲ ਦੀ ਰਹਿਣ ਵਾਲੀ ਇਰੋਮ ਸ਼ਰਮਿਲਾ ਚਾਰ ਨਵੰਬਰ,2000 ਨੂੰ ਸੁਰਖੀਆਂ 'ਚ ਆਈ ਸੀ। ਇਸ ਦਿਨ ਉਨ੍ਹਾਂ ਨੇ ਸੂਬੇ 'ਚ ਲਾਗੂ ਹਥਿਆਰ ਬੰਦ ਫੋਰਸ (ਵਿਸੇਸ਼ ਸ਼ਕਤੀਆਂ) ਐਕਟ,1958 ਅਫਸਪਾ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਅਣਮਿੱਥੇ ਸਮੇਂ ਤੱਕ ਭੁੱਖ ਹੜਤਾਲ ਸ਼ੁਰੂ ਕੀਤੀ ਸੀ, ਜਿਹੜੀ 16 ਸਾਲ ਤੱਕ ਚੱਲੀ ਸੀ। ਇਰੋਮ ਨੂੰ ਮਣੀਪੁਰ ਦੀ 'ਆਇਰਨ ਲੇਡੀ' ਦੇ ਖਿਤਾਬ ਨਾਲ ਵੀ ਜਾਣਿਆ ਜਾਂਦਾ ਹੈ। ਦੱਖਣੀ ਕੋਰੀਆ ਨੇ ਉਨ੍ਹਾਂ ਨੂੰ ਆਪਣੇ ਸਰਵ ਉੱਚ ਨਾਗਰਿਕ ਸਨਮਾਨ ਨਾਲ ਪੁਰਸਕਾਰ ਦਿੱਤਾ ਹੈ।