ਤਾਜ ਮਹਿਲ ਘੁੰਮਣ ਆਏ ਈਰਾਨੀ ਸੈਲਾਨੀ ਨੇ ਮੰਦਰ ''ਚ ਪੜ੍ਹੀ ਨਮਾਜ਼, ਜਾਣੋ ਫਿਰ ਕੀ ਹੋਇਆ
Monday, Nov 04, 2024 - 11:34 PM (IST)
ਆਗਰਾ- ਤਾਜ ਮਹਿਲ ਦੇਖਣ ਆਏ ਇਕ ਈਰਾਨੀ ਪ੍ਰੋਫੈਸਰ ਨੂੰ ਮੰਦਰ 'ਚ ਨਮਾਜ਼ ਪੜ੍ਹਦਿਆਂ ਦੇਖ ਕੇ ਸਥਾਨਕ ਲੋਕਾਂ ਨੇ ਵਿਰੋਧ ਕੀਤਾ, ਜਿਸ ਤੋਂ ਬਾਅਦ ਉਸ ਨੇ ਆਪਣੀ ਗਲਤੀ ਮੰਨਦਿਆਂ ਮੁਆਫੀ ਮੰਗੀ।
ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਈਰਾਨ ਦੀ ਇਕ ਯੂਨੀਵਰਸਿਟੀ ਦਾ ਇਕ ਪ੍ਰੋਫੈਸਰ ਐਤਵਾਰ ਨੂੰ ਆਪਣੀ ਪਤਨੀ ਅਤੇ ਬੇਟੀ ਨਾਲ ਤਾਜ ਮਹਿਲ ਦੇਖਣ ਆਇਆ ਸੀ। ਤਾਜ ਮਹਿਲ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਬਾਹਰ ਆਏ ਅਤੇ ਇਸ ਸਮੇਂ ਨਮਾਜ਼ ਦਾ ਸਮਾਂ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਜ ਮਹਿਲ ਦੇ ਪੂਰਬੀ ਗੇਟ ਦੇ ਕੋਲ ਨਮਾਜ਼ ਅਦਾ ਕਰਨ ਲਈ ਕੋਈ ਸਾਫ਼-ਸੁਥਰੀ ਜਗ੍ਹਾ ਨਹੀਂ ਮਿਲੀ, ਇਸ ਲਈ ਕੁਝ ਦੂਰੀ 'ਤੇ ਮੰਦਰ 'ਚ ਸਾਫ਼-ਸੁਥਰੀ ਜਗ੍ਹਾ ਦੇਖ ਕੇ ਪ੍ਰੋਫੈਸਰ ਨੇ ਨਮਾਜ਼ ਅਦਾ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਪਤਨੀ ਅਤੇ ਬੇਟੀ ਮੰਦਰ ਦੇ ਬਾਹਰ ਖੜ੍ਹੀਆਂ ਸਨ।
ਪੁਲਸ ਨੇ ਦੱਸਿਆ ਕਿ ਈਰਾਨੀ ਸੈਲਾਨੀ ਨੂੰ ਮੰਦਰ 'ਚ ਨਮਾਜ਼ ਅਦਾ ਕਰਦੇ ਦੇਖ ਕੇ ਸਥਾਨਕ ਲੋਕ ਆ ਗਏ ਅਤੇ ਇਸ ਦਾ ਵਿਰੋਧ ਕੀਤਾ। ਇਸ 'ਤੇ ਪ੍ਰੋਫੈਸਰ ਨੇ ਮੁਆਫੀ ਮੰਗੀ। ਸੂਚਨਾ ਮਿਲਣ ’ਤੇ ਪੁਲਸ ਵੀ ਮੌਕੇ ’ਤੇ ਪੁੱਜੀ ਅਤੇ ਈਰਾਨੀ ਸੈਲਾਨੀ ਨੂੰ ਉਸ ਦੇ ਪਰਿਵਾਰ ਸਮੇਤ ਸਹਾਇਕ ਪੁਲਸ ਕਮਿਸ਼ਨਰ (ਤਾਜ ਸੁਰੱਖਿਆ) ਦੇ ਦਫ਼ਤਰ ਲੈ ਗਈ।
ਈਰਾਨੀ ਸੈਲਾਨੀ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਉਹ ਨਮਾਜ਼ ਅਦਾ ਕਰਨ ਲਈ ਕਿਸੇ ਸਾਫ਼-ਸੁਥਰੀ ਥਾਂ ਦੀ ਤਲਾਸ਼ ਕਰ ਰਿਹਾ ਸੀ ਅਤੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਜਿਸ ਥਾਂ 'ਤੇ ਨਮਾਜ਼ ਅਦਾ ਕਰ ਰਿਹਾ ਸੀ, ਉਹ ਮੰਦਰ ਹੈ। ਏ.ਸੀ.ਪੀ. (ਤਾਜ ਸੁਰੱਖਿਆ) ਸਈਅਦ ਅਰਿਬ ਅਹਿਮਦ ਨੇ ਕਿਹਾ ਕਿ ਈਰਾਨੀ ਪ੍ਰੋਫੈਸਰ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਅਤੇ ਪੁਲਸ ਨੇ ਲਿਖਤੀ ਮੁਆਫੀ ਮੰਗਣ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ।