ਇਕਬਾਲ ਸਿੰਘ ਲਾਲਪੁਰਾ ਦੇ ਹੱਥਾਂ ’ਚ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਕਮਾਨ, ਮੁੜ ਬਣਾਏ ਗਏ ਪ੍ਰਧਾਨ
Wednesday, Apr 13, 2022 - 12:56 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਪੰਜਾਬ ਕੇਡਰ ਦੇ ਸੇਵਾਮੁਕਤ ਆਈ.ਪੀ. ਐੱਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਵਜੋਂ ਮੁੜ ਨਿਯੁਕਤ ਕੀਤਾ ਹੈ। ਗ੍ਰਹਿ ਮੰਤਰਾਲਾ ਨੇ ਉਨ੍ਹਾਂ ਨੂੰ 3 ਸਾਲਾਂ ਲਈ ਪ੍ਰਧਾਨ ਵਜੋਂ ਨਿਯੁਕਤ ਕੀਤਾ ਹੈ। ਉਹ ਅੱਜ ਤੋਂ ਹੀ ਆਪਣੀ ਜ਼ਿੰਮੇਵਾਰੀ ਨੂੰ ਸੰਭਾਲ ਲੈਣਗੇ।
ਇਹ ਵੀ ਪੜ੍ਹੋ: WTO ਮਨਜ਼ੂਰੀ ਦੇਵੇ ਤਾਂ ਭਾਰਤ ਆਪਣੇ ਭੰਡਾਰ ’ਚੋਂ ਦੁਨੀਆ ਨੂੰ ਖ਼ੁਰਾਕ ਸਮੱਗਰੀ ਦੀ ਸਪਲਾਈ ਕਰਨ ਨੂੰ ਤਿਆਰ: PM
ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਦਿੱਤਾ ਸੀ ਕਮਿਸ਼ਨ ਤੋਂ ਅਸਤੀਫ਼ਾ-
ਦੱਸ ਦੇਈਏ ਕਿ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਨੇ ਰੂਪਨਗਰ ਤੋਂ ਆਪਣੀ ਕਿਸਮਤ ਅਜ਼ਮਾਈ ਸੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਕਾਰਜਵਾਹਕ ਚੇਅਰਪਰਸਨ ਦੀ ਜ਼ਿੰਮੇਵਾਰੀ ਸਈਅਦ ਸ਼ਹਜ਼ਾਦੀ ਸੰਭਾਲ ਰਹੀ ਸੀ। ਦੱਸ ਦੇਈਏ ਕਿ ਲਾਲਪੁਰਾ 1992 ਤੋਂ ਘੱਟ ਗਿਣਤੀ ਕਮਿਸ਼ਨ ਨੂੰ ਕਾਨੂੰਨੀ ਸ਼ਕਤੀ ਮਿਲਣ ਮਗਰੋਂ ਇਸ ਦੇ ਪ੍ਰਧਾਨ ਬਣਨ ਵਾਲੇ ਦੂਜੇ ਸਿੱਖ ਹਨ। ਇਸ ਤੋਂ ਪਹਿਲਾਂ 2003 ’ਚ ਤਰਲੋਚਨ ਸਿੰਘ ਕਮਿਸ਼ਨ ਦੇ ਪ੍ਰਧਾਨ ਬਣੇ ਸਨ।
ਇਹ ਵੀ ਪੜ੍ਹੋ: ਖ਼ੁਲਾਸਾ: ਹਰਿਆਣਾ ’ਚ ਸਾਬਕਾ ਵਿਧਾਇਕਾਂ ਦੀ ਪੈਨਸ਼ਨ ’ਤੇ ਸਾਲਾਨਾ ਖ਼ਰਚ ਹੋ ਰਹੇ 30 ਕਰੋੜ ਰੁਪਏ
ਇਕਬਾਲ ਸਿੰਘ ਨੇ ਪੀ. ਐੱਮ. ਮੋਦੀ ਤੇ ਅਮਿਤ ਸ਼ਾਹ ਦਾ ਕੀਤਾ ਧੰਨਵਾਦ-
ਇਕਬਾਲ ਸਿੰਘ ਨੇ ਘੱਟ ਗਿਣਤੀ ਕਮਿਸ਼ਨ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਬੇਹੱਦ ਖੁਸ਼ ਹਨ, ਮੈਨੂੰ ਬਤੌਰ ਪ੍ਰਧਾਨ ਦੀ ਮੁੜ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ।
ਰੂਪਨਗਰ ਨਾਲ ਸਬੰਧ ਰੱਖਦੇ ਹਨ ਲਾਲਪੁਰਾ-
ਸਿੱਖ ਅਤੇ ਪੰਜਾਬੀ ਸੱਭਿਆਚਾਰ ਬਾਰੇ ਕਿਤਾਬਾਂ ਲਿਖਣ ਵਾਲੇ ਸਿੱਖ ਬੁੱਧੀਜੀਵੀ ਲਾਲਪੁਰਾ ਨੂੰ ਪਿਛਲੇ ਸਾਲ ਸਤੰਬਰ ਵਿਚ ਭਾਜਪਾ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਸੀ। ਉਹ ਰੂਪਨਗਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਅੰਮ੍ਰਿਤਸਰ ਦਿਹਾਤੀ, ਕਪੂਰਥਲਾ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਸੀਨੀਅਰ ਪੁਲਸ ਸੁਪਰਡੈਂਟ ਵਜੋਂ ਸੇਵਾ ਨਿਭਾਈ ਹੈ। ਉਹ 2012 ਵਿਚ ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਪੰਜਾਬ ਪੁਲਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਵਜੋਂ ਸੇਵਾਮੁਕਤ ਹੋਏ ਸਨ।
ਇਹ ਵੀ ਪੜ੍ਹੋ: ਦੁਰਲੱਭ ਬੀਮਾਰੀ ਤੋਂ ਪੀੜਤ 7 ਸਾਲਾ ਬੱਚਾ ਜਾਵੇਗਾ ਮਾਊਂਟ ਐਵਰੈਸਟ ਬੇਸ ਕੈਂਪ, ਪਿਤਾ ਨੇ ਦੱਸੀ ਵਜ੍ਹਾ