ਰਾਂਚੀ ''ਚ ਹੋਵੇਗਾ ''ਕੌਮਾਂਤਰੀ ਯੋਗਾ ਦਿਵਸ'' ਦਾ ਮੁੱਖ ਪ੍ਰੋਗਰਾਮ, ਮੋਦੀ ਵੀ ਹੋਣਗੇ ਸ਼ਾਮਲ

Saturday, Jun 08, 2019 - 04:31 PM (IST)

ਨਵੀਂ ਦਿੱਲੀ (ਵਾਰਤਾ)— ਇਸ ਸਾਲ ਕੌਮਾਂਤਰੀ ਯੋਗਾ ਦਿਵਸ 'ਤੇ 21 ਜੂਨ ਨੂੰ ਮੁੱਖ ਪ੍ਰੋਗਰਾਮ ਦਾ ਆਯੋਜਨ ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਹੋਵੇਗਾ ਅਤੇ ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੱਸਾ ਲੈਣਗੇ। ਇਹ ਜਾਣਕਾਰੀ ਆਯੁਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਗਰਾਮ ਦਾ ਆਯੋਜਨ ਪ੍ਰਭਾਤ ਤਾਰਾ ਮੈਦਾਨ ਵਿਚ ਹੋਵੇਗਾ ਅਤੇ ਇਸ 'ਚ ਕਰੀਬ 30 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਮੰਤਰਾਲਾ ਸਾਲਾਨਾ ਸਮਾਰੋਹ ਦੀ ਦੇਖ-ਰੇਖ ਕਰਨ ਲਈ ਇਕ ਨੋਡਲ ਏਜੰਸੀ ਹੈ। ਮੰਤਰਾਲੇ ਨੇ 2015 'ਚ ਯੋਗ ਦਿਵਸ ਸ਼ੁਰੂ ਹੋਣ ਤੋਂ ਬਾਅਦ ਕਈ ਪ੍ਰੋਗਰਾਮ ਆਯੋਜਿਤ ਕੀਤੇ ਹਨ। ਰਾਂਚੀ 'ਚ ਮੁੱਖ ਪ੍ਰੋਗਰਾਮ ਤੋਂ ਪਹਿਲਾਂ 13 ਜੂਨ ਨੂੰ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ,ਜਿਸ ਵਿਚ ਸੂਬੇ ਦੇ ਕਈ ਮਾਣਯੋਗ ਵਿਅਕਤੀਆਂ ਤੋਂ ਇਲਾਵਾ ਯੋਗ ਸੰਗਠਨ ਅਤੇ ਟ੍ਰੇਨਰ ਸ਼ਾਮਲ ਹੋਣਗੇ।


ਰਾਜਧਾਨੀ ਦਿੱਲੀ ਵਿਚ ਮੁੱਖ ਪ੍ਰੋਗਰਾਮ ਰਾਜਪੱਥ 'ਤੇ ਹੋਵੇਗਾ, ਜਿਸ ਦਾ ਆਯੋਜਨ ਨਵੀਂ ਦਿੱਲੀ ਨਗਰ ਪਾਲਿਕਾ ਪਰੀਸ਼ਦ, ਕੇਂਦਰੀ ਆਯੁਸ਼ ਮੰਤਰਾਲੇ ਨਾਲ ਮਿਲ ਕੇ ਕਰੇਗੀ। ਇਸ ਤੋਂ ਇਲਾਵਾ ਲਾਲ ਕਿਲ੍ਹਾ, ਨਹਿਰੂ ਪਾਰਕ, ਲੋਧੀ ਗਾਰਡਨ, ਤਾਲਕਟੋਰਾ ਗਾਰਡਨ, ਯਮੁਨਾ ਖੇਡ ਕੰਪਲੈਕਸ, ਦੁਆਰਕਾ ਸੈਕਟਰ-11 'ਚ ਯੋਗਾ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਆਯੁਸ਼ ਮੰਤਰਾਲੇ ਨੇ ਸਾਰੇ ਸਬੰਧਤ ਮੰਤਰਾਲਿਆਂ ਅਤੇ ਕੇਂਦਰ ਸਰਕਾਰ ਦੇ ਵਿਭਾਗਾਂ, ਸੂਬਾ ਸਰਕਾਰਾਂ ਅਤੇ ਸਬੰਧਤ ਸੰਸਥਾਵਾਂ ਤੋਂ ਕੌਮਾਂਤਰੀ ਯੋਗਾ ਦਿਵਸ 'ਤੇ ਤਾਲ-ਮੇਲ ਕਰਦੇ ਹੋਏ ਪ੍ਰੋਗਰਾਮਾਂ ਦਾ ਆਯੋਜਨ ਕਰਨ ਦੀ ਬੇਨਤੀ ਕੀਤੀ ਹੈ। ਉਦਯੋਗ ਸੰਗਠਨ ਭਾਰਤੀ ਉਦਯੋਗ ਸੰਘ, ਭਾਰਤੀ ਵਣਜ ਅਤੇ ਉਦਯੋਗ ਮਹਾਸੰਘ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ, ਯੂਨੀਵਰਸਿਟੀ ਗਰਾਂਟ ਕਮਿਸ਼ਨ ਵਰਗੀਆਂ ਸੰਸਥਾਵਾਂ ਇਸ ਯੋਗਾ ਦਿਵਸ ਨਾਲ ਜੁੜੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਕਰ ਰਹੇ ਹਨ। ਮੰਤਰਾਲੇ ਨੇ ਸਾਰੇ ਵਿਅਕਤੀਆਂ, ਸੰਸਥਾਵਾਂ, ਸਰਕਾਰੀ ਬਾਡੀਜ਼, ਵਪਾਰਕ ਅਦਾਰਿਆਂ, ਉਦਯੋਗਾਂ ਅਤੇ ਸੱਭਿਆਚਾਰਕ ਸੰਗਠਨਾਂ ਨੂੰ ਵੀ ਯੋਗਾ ਦਿਵਸ 'ਤੇ ਵੱਖ-ਵੱਖ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।


Tanu

Content Editor

Related News