ਪੰਨੂ ਦੇ ਮੈਸੇਜ ਪਿਛੋਂ ਖੁਫੀਆ ਏਜੰਸੀਆਂ ਅਲਰਟ

Sunday, Apr 17, 2022 - 11:28 AM (IST)

ਪੰਨੂ ਦੇ ਮੈਸੇਜ ਪਿਛੋਂ ਖੁਫੀਆ ਏਜੰਸੀਆਂ ਅਲਰਟ

ਚੰਡੀਗੜ੍ਹ,(ਪਾਂਡੇ)– ਖਾਲਿਸਤਾਨੀ ਸੰਗਠਨ ‘ਸਿੱਖਸ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਵੀਡੀਓ ਮੈਸੇਜ ਦੇ ਮਾਮਲੇ ਵਿਚ ਹੁਣ ਹਰਿਆਣਾ ਪੁਲਸ ਅਤੇ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਸ ਮਾਮਲੇ ਵਿੱਚ ਗ੍ਰਹਿ ਮੰਤਰੀ ਅਨਿਲ ਵਿਜ ਨੇ ਡੀ.ਜੀ.ਪੀ. ਨੂੰ ਵੀਡੀਓ ਭੇਜ ਕੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।

ਅਸਲ ’ਚ ਪੰਨੂ ਨੇ ਇਕ ਵੀਡੀਓ ਰਾਹੀਂ ਕਿਹਾ ਹੈ ਕਿ ਖਾਲਿਸਤਾਨ ਐਲਾਨਨਾਮੇ ਦੇ 36 ਸਾਲ ਪੂਰੇ ਹੋਣ ਦੇ ਮੌਕੇ ’ਤੇ 29 ਅਪ੍ਰੈਲ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਅੰਬਾਲਾ ਤੱਕ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ’ਤੇ ਖਾਲਿਸਤਾਨੀ ਝੰਡੇ ਲਹਿਰਾਏ ਜਾਣ।

ਇਸ ਐਲਾਨ ਤੋਂ ਬਾਅਦ ਹਰਿਆਣਾ ਦੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਪੰਨੂ ਨੇ ਇਸ ਤੋਂ ਪਹਿਲਾਂ ਵੀ ਹਰਿਆਣਾ ਅਤੇ ਪੰਜਾਬ ਵਿੱਚ ਸਮਾਜ ਵਿਰੋਧੀ ਸਰਗਰਮੀਆਂ ਨੂੰ ਉਤਸ਼ਾਹਿਤ ਕੀਤਾ ਹੈ। ਪੰਨੂ ਦੇ ਕਈ ਸਮਰਥਕਾਂ ਨੂੰ ਪੁਲਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ।

ਪੰਨੂ ਵੱਲੋਂ ਭਾਵੇਂ ਪਹਿਲਾਂ ਵੀ ਅਜਿਹੇ ਮੈਸੇਜ ਦਿੱਤੇ ਜਾਂਦੇ ਰਹੇ ਹਨ ਪਰ ਇਸ ਵਾਰ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਸੀ. ਆਈ. ਡੀ. ਨੇ ਪੰਨੂ ਦੇ ਸਾਥੀਆਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪੰਨੂ ਨੇ ਕਿਹਾ ਹੈ ਕਿ 29 ਅਪ੍ਰੈਲ ਨੂੰ ‘ਹਰਿਆਣਾ ਬਣੇਗਾ ਖਾਲਿਸਤਾਨ’ ਅਭਿਆਨ ਚਲਾਇਆ ਜਾਵੇਗਾ।

ਪੰਨੂ ਨੇ ਕਿਹਾ ਕਿ ਹਰਿਆਣਾ ਵਿੱਚ ਅਜਿਹੇ ਵਾਲੰਟੀਅਰਾਂ ਦੀ ਭਰਤੀ ਕੀਤੀ ਜਾਵੇਗੀ ਜੋ ਹਰਿਆਣਾ ਨੂੰ ਭਾਰਤ ਦੇ ‘ਕਬਜ਼ੇ’ ਤੋਂ ਮੁਕਤ ਕਰਵਾਉਣਗੇ। ਪੰਨੂ ਨੇ ਰਾਏਸ਼ੁਮਾਰੀ ਰਾਹੀਂ ਭਾਰਤ ਤੋਂ ਵੱਖ ਕੀਤੇ ਜਾਣ ਵਾਲੇ ਖੇਤਰਾਂ ਦਾ ਨਕਸ਼ਾ ਵੀ ਜਾਰੀ ਕੀਤਾ ਹੈ, ਜਿਸ ਵਿਚ ਹਰਿਆਣਾ ਵੀ ਸ਼ਾਮਲ ਹੈ।


author

Rakesh

Content Editor

Related News