ਭਾਰਤੀ ਜਲ ਸੈਨਾ ’ਚ ਸ਼ਾਮਲ ਹੋਈ ‘ਸੈਂਡ ਸ਼ਾਰਕ’, INS ਵਾਗੀਰ ਨਾਲ ਸਮੁੰਦਰ ’ਚ ਵਧੀ ਭਾਰਤ ਦੀ ਤਾਕਤ
Tuesday, Jan 24, 2023 - 11:25 AM (IST)
ਮੁੰਬਈ, (ਭਾਸ਼ਾ)– ਕਲਵਰੀ ਸ਼੍ਰੇਣੀ ਦੀਆਂ ਪਣਡੁੱਬੀਆਂ ਦੀ 5ਵੀਂ ਪਣਡੁੱਬੀ ਆਈ. ਐੱਨ. ਐੱਸ. ਵਾਗੀਰ ਨੂੰ ਸੋਮਵਰਾ ਨੂੰ ਭਾਰਤੀ ਜਲ ਸੈਨਾ ’ਚ ਸ਼ਾਮਲ ਕੀਤਾ ਗਿਆ, ਜਿਸ ਨਾਲ ਜਲ ਸੈਨਾ ਦੀ ਤਾਕਤ ਹੋਰ ਵਧੇਗੀ। ਆਈ. ਐੱਨ. ਐੱਸ. ਵਾਗੀਰ ਦਾ ਨਿਰਮਾਣ ਮਝਗਾਓਂ ਡਾਕ ਸ਼ਿਪਬਿਲਡਰਸ ਲਿਮਟਿਡ ਨੇ ਫ੍ਰਾਂਸ ਦੇ ਮੈਸਰਜ਼ ਨੇਵਲ ਗਰੁੱਪ ਦੇ ਸਹਿਯੋਗ ਨਾਲ ਕੀਤਾ ਹੈ।
ਜਲ ਸੈਨਾ ਮੁਖੀ ਐਡਮਿਰਲ ਆਰ. ਹਰੀ ਕੁਮਾਰ ਦੀ ਮੌਜੂਦਗੀ ’ਚ ਇਸ ਨੂੰ ਜਲ ਸੈਨਾ ’ਚ ਸ਼ਾਮਲ ਕੀਤਾ ਗਿਆ। ਭਾਰਤੀ ਜਲ ਸੈਨਾ ਅਨੁਸਾਰ,‘ਪਣਡੁੱਬੀ ਦੁਸ਼ਮਨ ਨੂੰ ਰੋਕਣ ਦੀ ਭਾਰਤੀ ਜਲ ਸੈਨਾ ਦੀ ਸਮਰਥਾ ’ਚ ਵਾਧਾ ਕਰ ਕੇ ਭਾਰਤ ਦੇ ਸਮੁੰਦਰੀ ਹਿੱਤਾਂ ਨੂੰ ਅੱਗੇ ਵਧਾਏਗੀ। ਇਹ ਸੰਕਟ ਦੇ ਸਮੇਂ ਫੈਸਲਾਕੁੰਨ ਹਮਲਾ ਕਰਨ ਲਈ ਖੁਫੀਆ, ਨਿਗਰਾਣੀ ਅਤੇ ਟੋਹੀ ਮੁਹਿੰਮ ਦੇ ਸੰਚਾਲਨ ’ਚ ਮਦਦਗਾਰ ਸਾਬਿਤ ਹੋਵੇਗੀ।
ਜਲ ਸੈਨਾ ਅਨੁਸਾਰ ਵਾਗੀਰ ਦਾ ਮਤਬਲ ਸੈਂਡ ਸ਼ਾਰਕ ਹੈ, ਜੋ ਫੁਰਤੀ ਅਤੇ ਹਿੰਮਤ ਦੇ ਭਾਵ ਨੂੰ ਪ੍ਰਦਰਸ਼ਿਤ ਕਰਦੀ ਹੈ। ਵਾਗੀਰ ਦੁਨੀਆ ਦੇ ਕੁਝ ਸ਼ਾਨਦਾਰ ਸੈਂਸਰ ਅਤੇ ਹਥਿਆਰਾਂ ਨਾਲ ਲੈਸ ਹੈ, ਜਿਸ ’ਚ ਵਾਇਰ ਗਾਈਡਿਡ ਤਾਰਪੀਡੋ ਅਤੇ ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਸ਼ਾਮਲ ਹਨ, ਜੋ ਦੁਸ਼ਮਨ ਦੇ ਵੱਡੇ ਬੇੜੇ ਨੂੰ ਬੇਅਸਰ ਕਰ ਸਕਦੀ ਹੈ।