ਭਾਰਤੀ ਜਲ ਸੈਨਾ ''ਚ ਸ਼ਾਮਲ ਕੀਤਾ ਗਿਆ ''INS ਮੋਮੁਰਗਾਓ'', ਜਾਣੋ ਇਸ ਦੀ ਖ਼ਾਸੀਅਤ
Sunday, Dec 18, 2022 - 01:43 PM (IST)
ਨਵੀਂ ਦਿੱਲੀ (ਭਾਸ਼ਾ)- ਸਵਦੇਸ਼ੀ ਤੌਰ 'ਤੇ ਬਣੀ ਮਿਜ਼ਾਈਲ ਵਿਨਾਸ਼ਕ 'ਆਈਐੱਨਐੱਸ ਮੋਰਮੁਗਾਓ' ਨੂੰ ਐਤਵਾਰ ਨੂੰ ਭਾਰਤੀ ਜਲ ਸੈਨਾ ਵਿਚ ਸ਼ਾਮਲ ਕੀਤਾ ਗਿਆ। ਮੁੰਬਈ 'ਚ ਆਈਐੱਨਐੱਸ ਮੋਰਮੁਗਾਓ ਦੇ ਸ਼ਾਮਲ ਸਮਾਰੋਹ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੀ ਮੌਜੂਦ ਸਨ। ਸਿੰਘ ਨੇ ਕਿਹਾ ਕਿ ਜੰਗੀ ਬੇੜੇ ਨੂੰ ਸ਼ਾਮਲ ਕਰਨ ਨਾਲ ਭਾਰਤ ਦੀ ਸਮੁੰਦਰੀ ਸ਼ਕਤੀ ਮਜ਼ਬੂਤ ਹੋਵੇਗੀ। ਉਨ੍ਹਾਂ ਨੇ 'ਆਈਐੱਨਐੱਸ ਮੋਰਮੁਗਾਓ' ਨੂੰ ਤਕਨੀਕ ਦੇ ਆਧਾਰ 'ਤੇ ਸਭ ਤੋਂ ਉੱਨਤ ਜੰਗੀ ਬੇੜਾ ਦੱਸਿਆ। ਸਿੰਘ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੁਨੀਆ ਦੀਆਂ ਚੋਟੀ ਦੀਆਂ ਪੰਜ ਅਰਥਵਿਵਸਥਾਵਾਂ 'ਚੋਂ ਇਕ ਹੈ ਅਤੇ ਮਾਹਰਾਂ ਦੇ ਅਨੁਸਾਰ ਇਹ 2027 'ਚ ਚੋਟੀ ਦੀਆਂ ਤਿੰਨ 'ਚ ਸ਼ਾਮਲ ਹੋ ਜਾਵੇਗੀ। ਜਲ ਸੈਨਾ ਮੁਖੀ ਨੇ ਕਿਹਾ ਕਿ ਗੋਆ ਮੁਕਤੀ ਦਿਵਸ ਦੀ ਪੂਰਵ ਸੰਧਿਆ 'ਤੇ ਜੰਗੀ ਬੇੜੇ ਨੂੰ ਜਲ ਸੈਨਾ 'ਚ ਸ਼ਾਮਲ ਕਰਨਾ ਪਿਛਲੇ ਦਹਾਕੇ 'ਚ ਜੰਗੀ ਜਹਾਜ਼ਾਂ ਦੇ ਡਿਜ਼ਾਈਨ ਅਤੇ ਨਿਰਮਾਣ ਸਮਰੱਥਾ 'ਚ ਕੀਤੀ ਗਈ ਵੱਡੀ ਤਰੱਕੀ ਵੱਲ ਇਸ਼ਾਰਾ ਹੈ।
ਭਾਰਤੀ ਜਲ ਸੈਨਾ ਮੁਤਾਬਕ ਜੰਗੀ ਬੇੜਾ ਰਿਮੋਟ ਸੈਂਸਿੰਗ ਯੰਤਰ, ਆਧੁਨਿਕ ਰਾਡਾਰ ਅਤੇ ਜ਼ਮੀਨ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਵਰਗੀਆਂ ਹਥਿਆਰ ਪ੍ਰਣਾਲੀਆਂ ਨਾਲ ਲੈੱਸ ਹੈ। ਨੇਵੀ ਨੇ ਦੱਸਿਆ ਕਿ ਇਸ ਜੰਗੀ ਬੇੜੇ ਦੀ ਲੰਬਾਈ 163 ਮੀਟਰ, ਚੌੜਾਈ 17 ਮੀਟਰ ਅਤੇ ਭਾਰ 7400 ਟਨ ਹੈ। ਇਸ ਨੂੰ ਭਾਰਤ ਦੁਆਰਾ ਬਣਾਏ ਗਏ ਸਭ ਤੋਂ ਘਾਤਕ ਜੰਗੀ ਜਹਾਜ਼ਾਂ 'ਚ ਗਿਣਿਆ ਜਾ ਸਕਦਾ ਹੈ। ਮੋਰਮੁਗਾਓ ਦਾ ਨਾਮ ਪੱਛਮੀ ਤੱਟ 'ਤੇ ਇਤਿਹਾਸਕ ਗੋਆ ਬੰਦਰਗਾਹ ਸ਼ਹਿਰ ਦੇ ਨਾਮ 'ਤੇ ਰੱਖਿਆ ਗਿਆ ਹੈ। ਇਤਫਾਕਨ, ਜਹਾਜ਼ ਨੂੰ ਪਹਿਲੀ ਵਾਰ 19 ਦਸੰਬਰ, 2021 ਨੂੰ ਸਮੁੰਦਰ ਵਿਚ ਭੇਜਿਆ ਗਿਆ, ਜਿਸ ਦਿਨ ਗੋਆ ਨੇ ਪੁਰਤਗਾਲੀ ਸ਼ਾਸਨ ਤੋਂ ਮੁਕਤੀ ਦੇ 60 ਸਾਲ ਪੂਰੇ ਕੀਤੇ ਸਨ। ਮੋਰਮੁਗਾਓ 'ਵਿਸ਼ਾਖਾਪਟਨਮ' ਸ਼੍ਰੇਣੀ ਦੇ 4 ਵਿਨਾਸ਼ਕਾਰਾਂ 'ਚੋਂ ਦੂਜਾ ਹੈ। ਇਹ ਭਾਰਤੀ ਜਲ ਸੈਨਾ ਦੇ ਸਵਦੇਸ਼ੀ ਸੰਗਠਨ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਅਤੇ ਮਜ਼ਾਗਨ ਡੌਕ ਸ਼ਿਪ ਬਿਲਡਰਜ਼ ਲਿਮਿਟੇਡ ਦੁਆਰਾ ਬਣਾਇਆ ਗਿਆ ਹੈ।