ਅੱਤਵਾਦੀ ਪੰਜਾਬ ਸਰਹੱਦ ਤੋਂ ਜੰਮੂ-ਕਸ਼ਮੀਰ ''ਚ ਕਰ ਰਹੇ ਘੁਸਪੈਠ : ਡੀਜੀਪੀ ਸਵੈਨ
Monday, Jul 15, 2024 - 11:07 PM (IST)
ਜਗਤੀ (ਜੰਮੂ) : ਜੰਮੂ-ਕਸ਼ਮੀਰ ਦੇ ਪੁਲਸ ਮਹਾਨਿਰਦੇਸ਼ਕ (ਡੀਜੀਪੀ) ਆਰਆਰ ਸਵੈਨ ਨੇ ਸੋਮਵਾਰ ਨੂੰ ਅੰਤਰ-ਰਾਜੀ ਸੁਰੱਖਿਆ ਬੈਠਕ 'ਚ ਕਿਹਾ ਕਿ ਅੱਤਵਾਦੀਆਂ ਵੱਲੋਂ ਘੁਸਪੈਠ ਦੇ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ, ਜੋ ਪੰਜਾਬ ਸਰਹੱਦ ਤੋਂ ਸੂਬੇ 'ਚ ਦਾਖਲ ਹੋ ਰਹੇ ਹਨ।
ਸਵੈਨ ਨੇ ਇੱਥੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਵਿਚ ਕਰਵਾਏ ਇਕ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਪੰਜਾਬ ਸਰਹੱਦ ਰਾਹੀਂ ਸੂਬੇ ਵਿਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਸੀਂ ਆਪਸ ਵਿਚ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਕਿ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਕਰਨ ਲਈ ਕਿਹੜੇ ਨਵੇਂ ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸੁਰੰਗਾਂ ਰਾਹੀਂ ਅੱਤਵਾਦੀਆਂ ਦੀ ਘੁਸਪੈਠ ਅਤੇ ਇਸ ਨਾਲ ਕਿਵੇਂ ਨਜਿੱਠਣਾ ਹੈ, ਇਸ ਬਾਰੇ ਵੀ ਚਰਚਾ ਕੀਤੀ।
ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਕਠੂਆ ਵਿਚ ਹੋਈ ਅੰਤਰ-ਰਾਜੀ ਸੁਰੱਖਿਆ ਸਮੀਖਿਆ ਬੈਠਕ ਵਿਚ ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ) ਦੇ ਸੀਨੀਅਰ ਅਧਿਕਾਰੀ ਤੇ ਪੁਲਿਸ ਅਧਿਕਾਰੀ ਸ਼ਾਮਲ ਹੋਏ। ਇਹ ਮੀਟਿੰਗ ਕੁਝ ਦਿਨ ਪਹਿਲਾਂ ਫੌਜ ਦੇ ਕਾਫਲੇ 'ਤੇ ਹੋਏ ਹਮਲੇ ਤੋਂ ਬਾਅਦ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਕੌਮਾਂਤਰੀ ਸਰਹੱਦ ਪਾਰ ਤੋਂ ਘੁਸਪੈਠ ਕੀਤੀ ਸੀ ਅਤੇ ਫੌਜ ਦੇ ਗਸ਼ਤੀ ਦਲ 'ਤੇ ਟਾਰਗੇਟ ਹਮਲਾ ਕੀਤਾ ਸੀ।