ਜੰਮੂ ਕਸ਼ਮੀਰ : ਕੁਪਵਾੜਾ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਲਸ਼ਕਰ ਦਾ ਅੱਤਵਾਦੀ ਢੇਰ

Wednesday, Oct 26, 2022 - 10:32 AM (IST)

ਜੰਮੂ ਕਸ਼ਮੀਰ : ਕੁਪਵਾੜਾ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਲਸ਼ਕਰ ਦਾ ਅੱਤਵਾਦੀ ਢੇਰ

ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਜੰਮੂ-ਕਸ਼ਮੀਰ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜੇ ਸੁਰੱਖਿਆ ਫ਼ੋਰਸਾਂ ਵੱਲੋਂ ਘੁਸਪੈਠ ਵਿਰੋਧੀ ਮੁਹਿੰਮ 'ਚ ਲਸ਼ਕਰ-ਏ-ਤੋਇਬਾ ਦਾ ਇਕ ਅੱਤਵਾਦੀ ਮਾਰਿਆ ਗਿਆ ਹੈ। ਰੱਖਿਆ ਅਧਿਕਾਰੀਆਂ ਨੇ ਅੱਜ ਯਾਨੀ ਬੁੱਧਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਸ਼੍ਰੀਨਗਰ ਸਥਿਤ ਰੱਖਿਆ ਬੁਲਾਰੇ ਕਰਨਲ ਅਮਰੋਨ ਮੁਸਾਵੀ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਸ ਵੱਲੋਂ ਘੁਸਪੈਠ ਬਾਰੇ ਖਾਸ ਸੂਚਨਾਵਾਂ ਦੇ ਆਧਾਰ 'ਤੇ ਸੁਦਪੁਰਾ ਤੰਗਧਾਰ ਵਿਖੇ ਇਕ ਸਾਂਝੇ ਮੁਹਿੰਮ ਚਲਾ ਕੇ ਇਕ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ। ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਤੋਂ ਬਾਅਦ, ਭਾਰਤੀ ਫ਼ੌਜ ਨੇ ਕਸ਼ਮੀਰ 'ਚ ਅੱਤਵਾਦ ਫੈਲਾਉਣ ਅਤੇ ਜੰਗਬੰਦੀ ਸਮਝੌਤੇ ਦੀ ਆੜ 'ਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਲਈ ਪਾਕਿਸਤਾਨ 'ਤੇ ਨਿਸ਼ਾਨਾ ਵਿੰਨ੍ਹਿਆ। ਬੁਲਾਰੇ ਅਨੁਸਾਰ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਕਰੀਬ 1.45 ਵਜੇ ਘੁਸਪੈਠ ਕਰ ਰਹੇ ਅੱਤਵਾਦੀਆਂ 'ਤੇ ਗੋਲੀਬਾਰੀ ਕੀਤੀ ਗਈ, ਜਿਸ 'ਚ ਇਕ ਅੱਤਵਾਦੀ ਮਾਰਿਆ ਗਿਆ ਪਰ ਦੂਜਾ ਅੱਤਵਾਦੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਪੀ.ਓ.ਕੇ. ਵੱਲ ਭੱਜਣ 'ਚ ਕਾਮਯਾਬ ਹੋ ਗਿਆ।

ਇਹ ਵੀ ਪੜ੍ਹੋ : ਕਸ਼ਮੀਰ ਦੀ ਸੁੰਦਰਤਾ ਨੂੰ ਉਤਸ਼ਾਹ ਦੇਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਿਹੈ ਇਹ ਵਲੌਗਰ

ਉਨ੍ਹਾਂ ਕਿਹਾ ਕਿ ਸਵੇਰੇ ਤਲਾਸ਼ੀ ਮੁਹਿੰਮ ਦੌਰਾਨ ਇਕ ਏ.ਕੇ ਸੀਰੀਜ਼ ਰਾਈਫਲ, ਦੋ ਪਿਸਤੌਲ ਅਤੇ ਵੱਡੀ ਮਾਤਰਾ ਵਿਚ ਗੋਲਾ ਬਾਰੂਦ ਅਤੇ ਜੰਗੀ ਸਮੱਗਰੀ ਬਰਾਮਦ ਕੀਤੀ ਗਈ। ਮ੍ਰਿਤਕ ਦੀ ਪਛਾਣ ਮਕਬੂਜ਼ਾ ਕਸ਼ਮੀਰ ਦੇ ਸਈਅਦਪੁਰ ਵਾਸੀ ਮੁਹੰਮਦ ਸ਼ਕੂਰ ਵਜੋਂ ਹੋਈ ਹੈ। ਬੁਲਾਰੇ ਨੇ ਕਿਹਾ ਕਿ ਸੁਰੱਖਿਆ ਫ਼ੋਰਸਾਂ ਨੂੰ ਸੁਦਪੁਰਾ ਰਸਤੇ ਅੱਤਵਾਦੀਆਂ ਦੀ ਸੰਭਾਵਿਤ ਘੁਸਪੈਠ ਬਾਰੇ ਖੁਫ਼ੀਆ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ, ਜੇ.ਕੇ.ਪੀ. ਅਤੇ ਹੋਰ ਖੁਫ਼ੀਆ ਏਜੰਸੀਆਂ ਵਿਚਕਾਰ ਨਜ਼ਦੀਕੀ ਤਾਲਮੇਲ ਅਤੇ ਸਮੇਂ ਸਿਰ ਕਾਰਵਾਈ ਕਰਕੇ ਘੁਸਪੈਠ ਨੂੰ ਨਾਕਾਮ ਕਰ ਦਿੱਤਾ ਗਿਆ। ਬੁਲਾਰੇ ਨੇ ਕਿਹਾ ਕਿ ਕੰਟਰੋਲ ਰੇਖਾ 'ਤੇ ਘੁਸਪੈਠ ਦੀਆਂ ਲਗਾਤਾਰ ਕੋਸ਼ਿਸ਼ਾਂ ਕਸ਼ਮੀਰ 'ਚ ਦਹਿਸ਼ਤ ਫੈਲਾਉਣ ਅਤੇ ਜੰਗਬੰਦੀ ਦਾ ਮਖੌਟਾ ਪਹਿਨ ਕੇ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਪਾਕਿਸਤਾਨੀ ਇਰਾਦਿਆਂ ਨੂੰ ਦਰਸਾਉਂਦੀਆਂ ਹਨ। ਪਾਕਿਸਤਾਨ ਪਿਛਲੇ ਤਿੰਨ ਦਹਾਕਿਆਂ ਤੋਂ ਮਕਬੂਜ਼ਾ ਕਸ਼ਮੀਰ ਦੇ ਨੌਜਵਾਨਾਂ ਨੂੰ ਚਾਰੇ ਵਜੋਂ ਵਰਤ ਰਿਹਾ ਹੈ, ਜਿਸ ਦਾ ਉਦੇਸ਼ ਸਮੂਹਿਕ ਸ਼ਾਂਤੀ ਦੀਆਂ ਕੋਸ਼ਿਸ਼ਾਂ 'ਚ ਲਗਾਤਾਰ ਵਿਘਨ ਪਾਉਣਾ ਹੈ। ਰੱਖਿਆ ਅਧਿਕਾਰੀਆਂ ਮੁਤਾਬਕ ਅੱਤਵਾਦੀ ਸਰਦੀਆਂ ਤੋਂ ਪਹਿਲਾਂ ਘਾਟੀ 'ਚ ਘੁਸਪੈਠ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੰਦੇ ਹਨ ਕਿਉਂਕਿ ਬਰਫਬਾਰੀ ਤੋਂ ਬਾਅਦ ਉਨ੍ਹਾਂ ਲਈ ਘੁਸਪੈਠ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


author

DIsha

Content Editor

Related News