ਇੰਡੀਗੋ ਏਅਰਲਾਈਨਜ਼ ਦੇ ਪਾਇਲਟਾਂ ਦੀ ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ
Monday, Mar 10, 2025 - 09:29 PM (IST)

ਹੈਦਰਾਬਾਦ, (ਯੂ. ਐੱਨ. ਆਈ.)- ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਨੇੜੇ ਸ਼ਮਸ਼ਾਬਾਦ ’ਚ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਇੰਡੀਗੋ ਏਅਰਲਾਈਨਜ਼ ਦੀ ਗੋਆ ਤੋਂ ਆ ਰਹੀ ਫਲਾਈਟ ਦੇ ਪਾਇਲਟਾਂ ਦੀ ਸੂਝ-ਬੂਝ ਨਾਲ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ ਅਤੇ ਪਾਇਲਟਾਂ ਨੇ ਕਿਸੇ ਸੰਭਾਵੀ ਟੱਕਰ ਤੋਂ ਬਚਣ ਲਈ ਆਪਣੀ ਫਲਾਈਟ ਨੂੰ ਰਿਵਰਸ ਟੇਕਆਫ ਕਰਾਇਆ।
ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਇੰਡੀਗੋ ਦੀ ਉਡਾਣ ਨੰਬਰ 6ਈ 6973 ਗੋਆ ਤੋਂ ਵਿਸ਼ਾਖਾਪਟਨਮ ਜਾ ਰਹੀ ਸੀ, ਜਿਸ ’ਚ 150 ਯਾਤਰੀ ਸਵਾਰ ਸਨ। ਜਹਾਜ਼ ਜਦੋਂ ਸ਼ਮਸ਼ਾਬਾਦ ਹਵਾਈ ਅੱਡੇ ’ਤੇ ਉੱਤਰਨ ਦੀ ਤਿਆਰੀ ਕਰ ਰਿਹਾ ਸੀ ਤਾਂ ਏਅਰ ਟ੍ਰੈਫਿਕ ਕੰਟਰੋਲ (ਏ. ਟੀ. ਸੀ.) ਦੇ ਅਧਿਕਾਰੀਆਂ ਨੇ ਇਸ ਨੂੰ ਉੱਤਰਨ ਦੀ ਇਜ਼ਾਜਤ ਦੇ ਦਿੱਤੀ ਅਤੇ ਲੈਂਡਿੰਗ ਲਈ ਹਾਈਡ੍ਰੋਲਿਕ ਗਿਅਰ ਚਾਲੂ ਕਰ ਦਿੱਤਾ। ਜਿਵੇਂ ਹੀ ਜਹਾਜ਼ ਰਨਵੇਅ ਕੋਲ ਪੁੱਜਾ ਤਾਂ ਏ. ਟੀ. ਸੀ. ਨੇ ਵੇਖਿਆ ਕਿ ਉਸੇ ਸਮੇਂ ਇਕ ਹੋਰ ਜਹਾਜ਼ ਉਡਾਣ ਭਰ ਰਿਹਾ ਸੀ।
ਪਾਇਲਟਾਂ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਰਿਵਰਸ ਟੇਕਆਫ ਕੀਤਾ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਜਹਾਜ਼ ਸਫਲਤਾਪੂਰਵਕ ਉੱਤਰਨ ਤੋਂ ਪਹਿਲਾਂ ਦਸ ਮਿੰਟ ਤੱਕ ਹਵਾ ’ਚ ਹੀ ਚੱਕਰ ਲਾਉਂਦਾ ਰਿਹਾ।