ਮੈਕਸੀਕੋ ਤੋਂ ਭਾਰਤ ਵਾਪਸ ਪਰਤੇ 311 ਭਾਰਤੀ

10/19/2019 4:08:58 PM

ਨਵੀਂ ਦਿੱਲੀ-ਪੰਜਾਬੀ ਲੋਕਾਂ ਦੇ ਵਿਦੇਸ਼ਾਂ 'ਚ ਵਸਣ ਦੇ ਮੋਹ ਨੇ ਇਕ ਵਾਰ ਫਿਰ ਕਈ ਜ਼ਿੰਦਗੀਆਂ ਜੰਜਾਲਾਂ 'ਚ ਪਾ ਦਿੱਤੀਆਂ ਹਨ, ਜਿਸ ਨੂੰ ਲੈ ਕੇ ਭਵਿੱਖ 'ਚ ਨਿਕਲਣਾ ਸੰਭਵ ਨਜ਼ਰ ਨਹੀ ਆ ਰਿਹਾ ਹੈ। ਹਾਲ ਹੀ ਅਜਿਹੇ ਜੰਜਾਲਾਂ 'ਚੋਂ ਉਹ 311 ਭਾਰਤੀ ਵੀ ਸ਼ਾਮਲ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਪੰਜਾਬੀ ਹਨ, ਜੋ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰੇ ਗਏ |ਇਨ੍ਹਾਂ ਸਭ ਨੂੰ ਮੈਕਸੀਕੋ ਵਲੋਂ ਕਥਿਤ ਤੌਰ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦਾ 'ਟੈਗ' ਲਾਉਣ ਤੋਂ ਬਾਅਦ ਮੈਕਸੀਕੋ ਤੋਂ ਵਾਪਸ ਭੇਜ ਦਿੱਤਾ ਗਿਆ | ਅੰਤਰਰਾਸ਼ਟਰੀ ਏਜੰਟਾਂ ਦੇ ਜਾਲ 'ਚ ਫਸੇ ਇਨ੍ਹਾਂ ਨੌਜਵਾਨਾਂ 'ਚ ਜ਼ਿਆਦਾਤਰ 18 ਤੋਂ 35 ਸਾਲ ਦੀ ਉਮਰ ਦੇ ਨੌਜਵਾਨ ਸ਼ਾਮਿਲ ਹਨ ਜੋ ਪੰਜਾਬ ਅਤੇ ਹਰਿਆਣਾ ਨਾਲ ਸਬੰਧ ਰੱਖਦੇ ਹਨ | ਇਨ੍ਹਾਂ 311 ਭਾਰਤੀਆਂ ਜਿਨ੍ਹਾਂ 'ਚ ਇਕ ਔਰਤ ਵੀ ਸ਼ਾਮਿਲ ਹੈ, ਨੂੰ ਅਮਰੀਕਾ ਵਲੋਂ ਗ਼ੈਰ-ਕਾਨੂੰਨੀ ਢੰਗ ਨਾਲ ਉਥੇ ਆਉਣ ਵਾਲੇ ਲੋਕਾਂ ਪ੍ਰਤੀ ਸਖ਼ਤ ਹੋਏ ਦਬਾਅ ਹੇਠ ਵਾਪਸ ਭੇਜਿਆ ਗਿਆ ਹੈ | 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੂਨ 'ਚ ਮੈਕਸੀਕੋ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ ਉਸ ਨੇ (ਮੈਕਸੀਕੋ ਨੇ) ਆਪਣੀਆਂ ਸਰਹੱਦਾਂ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖ਼ਲ ਹੋਣ ਵਾਲੇ ਲੋਕਾਂ ਪ੍ਰਤੀ ਕੋਈ ਕਦਮ ਨਾ ਚੁੱਕੇ ਤਾਂ ਉਹ ਮੈਕਸੀਕੋ ਦੀਆਂ ਸਾਰੀਆਂ ਦਰਾਮਦਾਂ 'ਤੇ ਕਰ ਵਧਾ ਦੇਵੇਗਾ | ਮੈਕਸੀਕੋ ਨੇ ਕਈ ਮਹੀਨਿਆਂ ਦੀ ਕਵਾਇਦ ਤੋਂ ਬਾਅਦ ਮੁੱਖ ਤੌਰ 'ਤੇ 8 ਸ਼ਹਿਰਾਂ ਅੋਕਸਾਕਾ, ਕੈਲੀਫੋਰਨੀਆ, ਵੈਰਾਕਰੁਜ, ਚਿਆਪਾਸ, ਸੋਨੋਰਾ, ਮੈਕਸੀਕੋ ਸਿਟੀ, ਡਰੋਗੋ ਅਤੇ ਟੈਬਾਸਕੋ ਤੋਂ ਫੜ ਕੇ ਸਬੰਧਿਤ ਅਧਿਕਾਰੀਆਂ ਦੇ ਸਪੁਰਦ ਕੀਤਾ ਗਿਆ |

ਕੇਂਦਰ ਸਰਕਾਰ ਅਤੇ ਭਾਰਤੀ ਪ੍ਰਸ਼ਾਸਨ ਦਾ ਲੋਕਾਂ ਨੇ ਕੀਤਾ ਧੰਨਵਾਦ-
ਦਿੱਲੀ ਵਾਪਸ ਪਰਤਣ ’ਤੇ ਇਨ੍ਹਾਂ ਭਾਰਤੀਆਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਸੁਰੱਖਿਅਤ ਦੇਸ਼ ਵਾਪਸ ਪਰਤਣ ਤੋਂ ਬਾਅਦ ਇਨ੍ਹਾਂ ਭਾਰਤੀਆਂ ਨੇ ਕਿਹਾ ਹੈ ਕਿ ਸਾਨੂੰ ਉਮੀਦ ਨਹੀਂ ਸੀ ਕਿ ਸਾਡੀ ਰਿਹਾਈ ਲਈ ਕੇਂਦਰ ਸਰਕਾਰ ਇੰਨੀ ਸਰਗਰਮਤਾ ਦਿਖਾਏਗੀ। ਇਸ ਤੋਂ ਇਲਾਵਾ ਭਾਰਤ ਵਾਪਸ ਪਰਤਣ ਵਾਲੇ ਇਨ੍ਹਾਂ ਲੋਕਾਂ ’ਚ ਕੁਝ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਏਜੰਟਾਂ ਨੂੰ 20 ਲੱਖ ਤੱਕ ਦੀ ਰਕਮ ਚੁਕਾਈ ਅਤੇ ਇਸ ਦੇ ਲਈ ਆਪਣੀ ਜਮੀਨ-ਜਾਇਦਾਦ ਵੀ ਵੇਚ ਦਿੱਤੀ ਹੈ। 

ਮਨੁੱਖੀ ਤਸਕਰੀ ਨੂੰ ਸਖ਼ਤ ਸੰਦੇਸ਼-ਅਮਰੀਕਾ
ਇਸ ਕਾਰਵਾਈ 'ਤੇ ਅਮਰੀਕਾ ਨੇ ਸਭ ਤੋਂ ਪਹਿਲਾਂ ਪ੍ਰਤੀਕਰਮ ਦਿੰਦਿਆਂ ਇਸ ਨੂੰ ਮਨੁੱਖੀ ਤਸਕਰੀ ਲਈ ਸਖ਼ਤ ਸੰਦੇਸ਼ ਕਰਾਰ ਦਿੱਤਾ | ਅਮਰੀਕਾ ਦੇ ਚੁੰਗੀ (ਕਸਟਮ) ਅਤੇ ਸਰਹੱਦੀ ਸੁਰੱਖਿਆ ਬਾਰੇ ਕਾਰਜਕਾਰੀ ਕਮਿਸ਼ਨਰ ਮਾਰਕ ਮੋਰਗਨ ਨੇ ਇਕ ਟਵੀਟ ਰਾਹੀਂ ਮੈਕਸੀਕੋ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਦਮ ਮੈਕਸੀਕੋ ਅਤੇ ਉਥੋਂ ਦੇ ਪ੍ਰਵਾਸ ਬਾਰੇ ਰਾਸ਼ਟਰੀ ਸੰਸਥਾ ਦੀ ਸਰਹੱਦਾਂ ਦੀ ਸੁਰੱਖਿਆ ਅਤੇ ਕਾਨੂੰਨੀ ਪ੍ਰਵਾਸ ਪ੍ਰਤੀ ਵਚਨਬੱਧਤਾ ਪ੍ਰਗਟਾਉਂਦਾ ਹੈ |

ਵਾਪਸ ਭੇਜੇ ਜਾਣ ਵਾਲਿਆਂ ਕੋਲ ਨਹੀਂ ਸਨ ਲੋੜੀਂਦੇ ਦਸਤਾਵੇਜ਼-ਮੈਕਸੀਕੋ
ਮੈਕਸੀਕੋ ਦੀ ਰਾਸ਼ਟਰੀ ਪ੍ਰਵਾਸ ਸੰਸਥਾ (ਆਈ. ਐਨ. ਐਮ.) ਵਲੋਂ ਜਾਰੀ ਬਿਆਨ 'ਚ ਆਪਣਾ ਪੱਖ਼ ਰੱਖਦਿਆਂ ਕਿਹਾ ਗਿਆ ਕਿ ਵਾਪਸ ਭੇਜੇ ਗਏ ਸਾਰੇ ਲੋਕਾਂ ਕੋਲ ਮੈਕਸੀਕੋ 'ਚ ਰਹਿਣ ਲਈ ਲੋੜੀਂਦੇ ਦਸਤਾਵੇਜ਼ ਨਹੀਂ ਸਨ ਅਤੇ ਉਨ੍ਹਾਂ ਨੂੰ ਵਾਪਸ ਭੇਜਣ ਲਈ ਭਾਰਤੀ ਪ੍ਰਸ਼ਾਸਨ ਕੋਲੋਂ ਤਸਦੀਕ ਕਰਵਾਈ ਗਈ | ਭਾਰਤ 'ਚ ਮੈਕਸੀਕੋ ਦੇ ਰਾਜਦੂਤ ਫੇਡੇਰਿਕੋ ਸਾਲਾਸ ਨੇ ਵੀ ਦਿੱਲੀ 'ਚ ਇਸ ਮਾਮਲੇ 'ਚ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਕਸੀਕੋ 'ਚ ਵੀ ਵਿਸ਼ਵ ਦੇ ਹੋਰਨਾਂ ਇਲਾਕਿਆਂ ਵਾਂਗ ਪ੍ਰਵਾਸ ਦੀ ਸਮੱਸਿਆ ਵੱਡੀ ਚੁਣੌਤੀ ਵਾਂਗ ਹੈ | ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਨੂੰ ਲੈ ਕੇ ਹਾਲੇ ਤੱਕ ਕੋਈ ਵਿਸ਼ੇਸ਼ ਘਟਨਾ ਨਹੀਂ ਹੋਈ ਹੈ ਪਰ ਖ਼ਾਸ ਗੱਲ ਇਹ ਹੈ ਕਿ ਅਜਿਹੇ ਪ੍ਰਵਾਸੀਆਂ 'ਚ ਮਨੁੱਖੀ ਹੱਕਾਂ ਦੇ ਪੀੜਤਾਂ ਦੀ ਤਦਾਦ ਕਾਫ਼ੀ ਜ਼ਿਆਦਾ ਹੈ | ਸਾਲਾਸ ਨੇ ਇਹ ਵੀ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਆਪਣੇ ਕਾਨੂੰਨ ਨੂੰ ਬਿਹਤਰ ਕਰਨ ਨਾਲ ਅਜਿਹੇ ਲੋਕਾਂ ਦਰਮਿਆਨ ਇਕ ਸੰਦੇਸ਼ ਵੀ ਜਾ ਸਕੇ | ਆਈ. ਐਨ. ਐਮ. ਦੇ ਬਿਆਨ ਮੁਤਾਬਿਕ ਇਹ ਕਵਾਇਦ ਏਸ਼ੀਆਈ ਦੇਸ਼ਾਂ ਦੇ ਦੂਤਘਰਾਂ ਨਾਲ ਬਿਹਤਰ ਸੰਪਰਕ ਅਤੇ ਤਾਲਮੇਲ ਕਾਰਨ ਇਨ੍ਹਾਂ ਨੂੰ ਭਾਰਤ ਭੇਜਣਾ ਸੰਭਵ ਹੋ ਪਾਇਆ |

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਚੁੰਗੀ ਅਤੇ ਸਰਹੱਦੀ ਸੁਰੱਖਿਆ ਦੇ ਅੰਕੜਿਆਂ ਮੁਤਾਬਿਕ ਸਾਲ 2000 'ਚ 16 ਲੱਖ ਤੋਂ ਵੱਧ ਲੋਕਾਂ ਨੂੰ ਸਰਹੱਦ 'ਚ ਦਾਖ਼ਲ ਹੁੰਦਿਆਂ ਹੀ ਫੜਿਆ ਗਿਆ | ਸਾਲ 2018 'ਚ 4 ਲੱਖ ਲੋਕਾਂ ਨੂੰ ਫੜਿਆ ਗਿਆ | ਹਲਕਿਆਂ ਮੁਤਾਬਿਕ ਪਿਛਲੇ ਸਾਲ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ 'ਚ ਦਾਖ਼ਲ ਹੋਣ ਵਾਲੇ ਤਕਰੀਬਨ 2400 ਭਾਰਤੀ ਉਥੋਂ ਦੀਆਂ ਜੇਲ੍ਹਾਂ 'ਚ ਬੰਦ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਪੰਜਾਬੀ ਹਨ |
 

 
 


Iqbalkaur

Content Editor

Related News