ਸਵਿਸ ਬੈਂਕਾਂ 'ਚ ਘੱਟ ਕੇ ਅੱਧਾ ਰਹਿ ਗਿਆ ਭਾਰਤੀਆਂ ਦਾ ਪੈਸਾ

Friday, Jun 30, 2017 - 02:19 AM (IST)

ਨਵੀਂ ਦਿੱਲੀ— ਸਵਿਸ ਬੈਂਕਾਂ 'ਚ ਭਾਰਤੀਆਂ ਦਾ ਜਮ੍ਹਾ ਪੈਸਾ ਤਕਰੀਬਨ ਅੱਧਾ ਹੋ ਕੇ 67.6 ਕਰੋੜ ਸਵਿਸ ਫਰੈਂਕ (ਕਰੀ 4500 ਕਰੋੜ ਰੁਪਏ) ਰਹਿ ਗਿਆ ਹੈ। ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਦੇ ਡਾਟਾ ਤੋਂ ਇਹ ਗੱਲ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਸਵਿਸ ਬੈਂਕ 'ਚ ਵੱਡੀ ਮਾਤਰਾ 'ਚ ਭਾਰਤੀਆਂ ਦਾ ਕਾਲਾਧਨ ਜਮ੍ਹਾ ਹੋਣ ਦੇ ਦਾਅਵੇ ਹੁੰਦੇ ਰਹੇ ਹਨ ਅਤੇ ਇਹ ਭਾਰਤ 'ਚ ਵੱਡਾ ਸਿਆਸੀ ਮੁੱਦਾ ਵੀ ਹੈ। 
ਸਵਿਸ ਬੈਂਕਾਂ 'ਚ ਭਾਰਤੀਆਂ ਦਾ ਕਿੰਨਾ ਕਾਲਾਧਨ ਜਮ੍ਹਾ ਹੈ, ਇਹ ਸਵਾਲ ਦੇਸ਼ 'ਚ ਪਿਛਲੇ ਕਈ ਦਹਾਕਿਆਂ ਤੋਂ ਚੁੱਕਿਆ ਜਾ ਰਿਹਾ ਹੈ ਅਤੇ ਅਕਸਰ ਦੇਸ਼ ਦੀ ਸਿਆਸਤ ਵੀ ਇਸੇ ਸਵਾਲ ਦੇ ਆਲੇ-ਦੁਆਲੇ ਘੁੰਮਣ ਲੱਗਦੀ ਹੈ। ਹੁਣ ਖੁਦ ਸਵਿਸ ਬੈਂਕਾਂ ਨੇ ਇਸ ਦਾ ਖੁਲਾਸਾ ਕੀਤਾ ਹੈ। ਡਾਟਾ ਅਨੁਸਾਰ ਸਵਿਸ ਬੈਂਕਾਂ ਦਾ ਕੁਲ ਵਿਦੇਸ਼ੀ ਗਾਹਕਾਂ ਦਾ ਪੈਸਾ ਮਾਮੂਲੀ ਰੂਪ ਨਾਲ ਵਧ ਕੇ 1480 ਅਰਬ ਡਾਲਰ ਰਿਹਾ। ਇਸ ਦੇ ਨਾਲ ਹੀ ਪਾਕਿਸਤਾਨ ਤੋਂ ਜਮ੍ਹਾ ਰਾਸ਼ੀ ਘੱਟ ਕੇ 1.4 ਅਰਬ ਸਵਿਸ ਫਰੈਂਕ ਜਾਂ 9,500 ਕਰੋੜ ਰੁਪਏ ਰਹੀ।
ਸਵਿਟਜ਼ਰਲੈਂਡ ਦੇ ਬੈਂਕਾਂ ਦਾ ਲਾਭ ਘੱਟ ਕੇ ਹੋਇਆ ਅੱਧਾ, ਕਰਮਚਾਰੀ ਵੀ ਘਟੇ 
ਜਿਊਰਿਖ : ਸਵਿਟਜ਼ਰਲੈਂਡ ਦੇ ਬੈਂਕਾਂ ਦਾ ਲਾਭ 2016 'ਚ ਕਰੀਬ ਅੱਧਾ ਘੱਟ ਕੇ 7.9 ਅਰਬ ਸੀ. ਐੱਚ. ਐੱਫ. (ਸਵਿਸ ਫਰੈਂਕ) ਯਾਨੀ ਕਰੀਬ 53,000 ਕਰੋੜ ਰੁਪਏ 'ਤੇ ਆ ਗਿਆ। ਇੱਥੋਂ ਦੇ ਬੈਂਕਾਂ ਦੀ ਗੁਪਤਤਾ ਦੀ ਹੱਦ 'ਤੇ ਲਗਾਤਾਰ ਕੌਮਾਂਤਰੀ ਦਬਾਅ ਵਧ ਰਿਹਾ ਹੈ, ਜਿਸ ਦੇ ਨਾਲ ਉਨ੍ਹਾਂ ਦਾ ਲਾਭ ਹੇਠਾਂ ਆਇਆ ਹੈ।  
ਹਾਲਾਂਕਿ ਦਿਲਚਸਪ ਇਹ ਹੈ ਕਿ ਇਨ੍ਹਾਂ ਬੈਂਕਾਂ 'ਚ ਕੁਲ ਗਾਹਕ ਜਮ੍ਹਾ (ਘਰੇਲੂ ਅਤੇ ਵਿਦੇਸ਼ੀ) 'ਚ ਵਾਧਾ ਹੋਇਆ ਹੈ। ਹਾਲਾਂਕਿ ਸਵਿਸ ਬੈਂਕਾਂ ਦੇ ਕਰਮਚਾਰੀਆਂ ਦੀ ਗਿਣਤੀ 'ਚ ਕਮੀ ਆਈ ਹੈ। ਜਿਊਰਿਖ ਦੇ ਸਵਿਸ ਨੈਸ਼ਨਲ ਬੈਂਕ ਵੱਲੋਂ ਜਾਰੀ ਸਾਲਾਨਾ ਅੰਕੜਿਆਂ ਅਨੁਸਾਰ ਸਵਿਟਜ਼ਰਲੈਂਡ 'ਚ ਬੈਂਕਾਂ ਦੀ ਗਿਣਤੀ ਵੀ ਘੱਟ ਕੇ 266 ਤੋਂ 261 'ਤੇ ਆ ਗਈ ਹੈ। ਸਵਿਟਜ਼ਰਲੈਂਡ ਦੇ ਵੱਡੇ ਬੈਂਕਾਂ 'ਚ ਯੂ. ਬੀ. ਐੱਸ. ਇੰਕ, ਯੂ. ਬੀ. ਐੱਸ. ਸਵਿਟਜ਼ਰਲੈਂਡ ਏ. ਜੀ., ਕ੍ਰੈਡਿਟ ਸੁਇਸ ਏ. ਜੀ. ਅਤੇ ਕ੍ਰੈਡਿਟ ਸੁਇਸ (ਸਵਿਟਜ਼ਰਲੈਂਡ) ਆਉਂਦੇ ਹਨ। ਇਨ੍ਹਾਂ 261 ਬੈਂਕਾਂ 'ਚੋਂ 226 ਨੇ ਲਾਭ ਦਰਜ ਕੀਤਾ ਹੈ। ਹਾਲਾਂਕਿ ਉਨ੍ਹਾਂ ਦਾ ਕੁਲ ਲਾਭ ਘੱਟ ਕੇ 7.8 ਅਰਬ ਸੀ. ਐੱਚ. ਐੱਫ. 'ਤੇ ਆ ਗਿਆ ਹੈ ਜੋ ਇਕ ਸਾਲ ਪਹਿਲਾਂ 11.8 ਅਰਬ ਸੀ. ਐੱਚ. ਐੱਫ. ਸੀ।


Related News