ਕੋਰੋਨਾ ਤੋਂ ਬਾਅਦ ਭਾਰਤੀਆਂ ''ਚ ਨੈਗੇਟਿਵ ਭਾਵਨਾਵਾਂ ਵਧੀਆਂ, 35 ਫ਼ੀਸਦੀ ਹਨ ਨਾਖੁਸ਼
Monday, Mar 20, 2023 - 11:04 AM (IST)
ਗੁਹਾਟੀ (ਭਾਸ਼ਾ)- ਭਾਰਤੀਆਂ ’ਚ ਕੋਵਿਡ-19 ਮਹਾਮਾਰੀ ਤੋਂ ਬਾਅਦ ਤਣਾਅ, ਗੁੱਸਾ, ਦੁੱਖ ਅਤੇ ਚਿਤਾ ਵਰਗੇ ਨਕਾਰਾਤਮਕਤਾ (ਨੈਗੇਟਿਵ) ਦੇ ਭਾਵ ਵਧੇ ਹਨ। ਸਲਾਹਕਾਰ ਫਰਮ ਹੈਪੀਪਲਸ ਵੱਲੋਂ ਤਿਆਰ ਰਿਪੋਰਟ ‘ਦਿ ਸਟੇਟ ਆਫ ਹੈਪੀਨੈੱਸ-2023’ ਮੁਤਾਬਕ ਭਾਰਤੀਆਂ ’ਚ ਨਕਾਰਾਤਮਕਤਾ ਜਾਂ ਨਾਖੁਸ਼ੀ ਵਧੀ ਹੈ ਅਤੇ ਅਧਿਐਨ ’ਚ ਸ਼ਾਮਲ 35 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਇਨ੍ਹਾਂ ਭਾਵਨਾਵਾਂ ਦਾ ਸਾਹਮਣਾ ਕਰ ਰਹੇ ਹਨ, ਜਦੋਂ ਕਿ ਸਾਲ 2022 ’ਚ 33 ਫ਼ੀਸਦੀ ਪ੍ਰਤੀਭਾਗੀਆਂ ਨੇ ਹੀ ਅਜਿਹੀ ਭਾਵਨਾ ਵਿਅਕਤ ਕੀਤੀ ਸੀ। ਨਕਾਰਾਤਮਕ ਭਾਵਨਾ ਰੱਖਣ ਦੇ ਮਾਮਲੇ ’ਚ ਅਰੁਣਾਚਲ ਪ੍ਰਦੇਸ਼ ਸਿਖਰ ’ਤੇ ਹੈ, ਜਿੱਥੋਂ ਦੇ ਅਧਿਐਨ ’ਚ ਸ਼ਾਮਲ 60 ਫ਼ੀਸਦੀ ਪ੍ਰਤੀਭਾਗੀਆਂ ਨੇ ਦੱਸਿਆ ਕਿ ਉਹ ਨਾਖੁਸ਼ ਹਨ।
ਇਹ ਵੀ ਪੜ੍ਹੋ : ਗੋਦ ਲਈ ਬੱਚੀ 'ਤੇ ਔਰਤ ਨੇ ਢਾਹਿਆ ਦਿਲ ਕੰਬਾਊ ਤਸ਼ੱਦਦ, ਸੱਟਾਂ ਵੇਖ ਕੇ ਡਾਕਟਰ ਵੀ ਹੋਏ ਸੁੰਨ
ਉੱਥੇ ਹੀ ਮੱਧ ਪ੍ਰਦੇਸ਼ 58 ਫ਼ੀਸਦੀ ਦੇ ਨਾਲ ਦੂਜੇ ਸਥਾਨ ’ਤੇ ਅਤੇ ਗੁਜਰਾਤ-ਉੱਤਰ ਪ੍ਰਦੇਸ਼ 51-51 ਫ਼ੀਸਦੀ ਦੇ ਨਾਲ ਸਾਂਝੇ ਰੂਪ ’ਚ ਤੀਸਰੇ ਸਥਾਨ ’ਤੇ ਹਨ। ਅਧਿਐਨ ਮੁਤਾਬਕ ਸਕਾਰਾਤਮਕ ਭਾਵਨਾ ਰੱਖਣ ਵਾਲੇ ਭਾਰਤੀਆਂ ਦੀ ਗਿਣਤੀ ’ਚ ਵੀ ਗਿਰਾਵਟ ਆਈ ਹੈ ਅਤੇ ਇਕ ਸਾਲ ਪਹਿਲਾਂ ਦੇ 70 ਫ਼ੀਸਦੀ ਦੇ ਮੁਕਾਬਲੇ ਇਹ ਡਿੱਗ ਕੇ 67 ਫ਼ੀਸਦੀ ਰਹਿ ਗਈ ਹੈ। ਜੀਵਨ ਮੁਲਾਂਕਣ ਅੰਕ, ਜਿਸ ਨੂੰ ਬਿਹਤਰੀ ਦੇ ਤੌਰ ’ਤੇ ਲਿਆ ਜਾਂਦਾ ਹੈ, ਉਸ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਸਾਲ 2023 ’ਚ ਇਹ ਅੰਕ 10 ’ਚੋਂ 6.08 ਰਿਹਾ, ਜਦੋਂ ਕਿ ਸਾਲ 2022 ’ਚ ਇਹ ਅੰਕ 6.84 ਦਰਜ ਕੀਤਾ ਗਿਆ ਸੀ। ਸਰਵੇਖਣ ਮੁਤਾਬਕ ਭਾਰਤੀਆਂ ’ਚ ਕੋਵਿਡ-19 ਮਹਾਮਾਰੀ ਤੋਂ ਬਾਅਦ ਨਾਖੁਸ਼ੀ ਦੇ ਕਈ ਕਾਰਨ ਹਨ, ਜਿਨ੍ਹਾਂ ’ਚ ਸਿਖਰ ਪ੍ਰਮੁੱਖ ਕਾਰਨ ਵਿੱਤੀ ਮਾਮਲੇ, ਕੰਮ-ਕਾਜੀ ਸਥਾਨ ’ਤੇ ਦਬਾਅ, ਸਮਾਜਿਕ ਸਥਿਤੀ, ਇਕੱਲਾਪਨ ਅਤੇ ਅਨਿਸ਼ਚਿਤਤਾ ਹੈ। ਦੇਸ਼ ਦੇ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 14 ਹਜ਼ਾਰ ਲੋਕਾਂ ’ਤੇ ਕੀਤੇ ਗਏ ਅਧਿਐਨ ਮੁਤਾਬਕ ਵਿਦਿਆਰਥੀਆਂ ’ਚ ਨਕਾਰਾਤਮਕਤਾ ਦਾ ਪੱਧਰ ਸਭ ਤੋਂ ਜ਼ਿਆਦਾ ਵਧਿਆ ਹੈ ਅਤੇ ਉਹ ਇਸ ਪੂਰੇ ਦੌਰ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਹੇ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ