ਚੀਨ ਤੋਂ ਪਰਤੇ ਡਰੇ ਭਾਰਤੀ ਵਿਦਿਆਰਥੀ ਬੋਲੇ, ''ਹੁਣ ਨੀ ਜਾਣਾ''

02/09/2020 1:22:28 AM

ਨਵੀਂ ਦਿੱਲੀ — ਕੋਰੋਨਾ ਵਾਇਰਸ ਕਾਰਣ ਚੀਨ ’ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੇ ਨਾਲ-ਨਾਲ ਚੀਨ ਜਾਣ ਵਾਲੇ ਸੈਲਾਨੀਆਂ ’ਤੇ ਵੀ ਅਸਰ ਪੈ ਸਕਦਾ ਹੈ। ਜੋ ਵਿਦਿਆਰਥੀ ਭਾਰਤ ਆਏ ਹਨ, ਉਹ ਇੰਨੇ ਡਰੇ ਹੋਏ ਹਨ ਕਿ ਉਨ੍ਹਾਂ ਦਾ ਕਿਹਾ ਹੈ ਕਿ ਉਹ ਮੁੜ ਕੇ ਨਹੀਂ ਜਾਣਗੇ, ਨਾਲ ਹੀ ਥੋੜ੍ਹੇ ਜਿਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਾਨੂੰ ਭਰੋਸਾ ਹੈ ਕਿ ਹਾਲਾਤ ਆਮ ਵਰਗੇ ਹੋ ਜਾਣਗੇ।

ਮਾਹਿਰਾਂ ਦਾ ਅਨੁਮਾਨ ਹੈ ਕਿ ਚੀਨ ’ਚ ਲਗਭਗ 20-25 ਹਜ਼ਾਰ ਵਿਦਿਆਰਥੀ ਹਨ, ਜਿਨ੍ਹਾਂ ’ਚੋਂ 80-90 ਫੀਸਦੀ ਮੈਡੀਕਲ ਦੇ ਖੇਤਰ ਵਿਚ ਅਧਿਐਨ ਕਰਦੇ ਹਨ। ਭਾਰਤ ਵਿਚ ਨਿੱਜੀ ਮੈਡੀਕਲ ਕਾਲਜਾਂ ਦੇ ਮੁਕਾਬਲੇ ਚੀਨ ’ਚ ਘੱਟ ਫੀਸ ਅਤੇ ਬਿਹਤਰ ਬੁਨਿਆਦੀ ਢਾਂਚੇ ਕਾਰਣ ਮੈਡੀਕਲ ਵਿਦਿਆਰਥੀਆਂ ਲਈ ਚੀਨ ਇਕ ਬਿਹਤਰ ਅਤੇ ਮਸ਼ਹੂਰ ਅਧਿਐਨ ਵਾਲਾ ਦੇਸ਼ ਹੈ। ਕੁਝ ਭਾਰਤੀ ਵਿਦਿਆਰਥੀ ਛੁੱਟੀਆਂ ਦੌਰਾਨ ਵਾਪਸ ਆ ਗਏ ਸਨ ਅਤੇ ਕੁਝ ਕੋਰੋਨਾ ਵਾਇਰਸ ਕਾਰਣ ਵਾਪਸ ਆਏ ਹਨ। ਹੁਣ ਇਹ ਵਿਦਿਆਰਥੀ ਦੁਚਿੱਤੀ ਵਿਚ ਹਨ ਕਿ ਉਹ ਵਾਪਸ ਜਾ ਸਕਣਗੇ ਕਿ ਨਹੀਂ, ਜਦਕਿ ਵਿਦਿਆਰਥੀ ਅਜੇ ਵੀ ਆਸ਼ਾਵਾਦੀ ਹਨ ਕਿ ਹਾਲਾਤ ਜਲਦ ਹੀ ਆਮ ਵਰਗੇ ਹੋ ਜਾਣਗੇ ਪਰ ਮਾਹਿਰਾਂ ਨੂੰ ਇਸ ’ਤੇ ਯਕੀਨ ਨਹੀਂ ਹੈ। ਉਨ੍ਹਾਂ ਮੁਤਾਬਿਕ ਅਸੀਂ ਇਹ ਅਨੁਮਾਨ ਨਹੀਂ ਲਾ ਸਕਦੇ ਕਿ ਵਾਇਰਸ ਕਦੋਂ ਕੰਟਰੋਲ ਵਿਚ ਆਏਗਾ।

ਕਾਲਜ ਦੇ ਸਹਿ-ਸੰਸਥਾਪਕ ਰਾਜੀਵ ਸਿੰਘ ਨੇ ਕਿਹਾ ਕਿ ਕੋਈ ਸੰਕੇਤ ਨਹੀਂ ਹੈ ਕਿ ਅਸੀਂ ਇਸ ਤੋਂ ਜਲਦੀ ਛੁਟਕਾਰਾ ਪਾ ਲਵਾਂਗੇ। ਉਦਾਹਰਣ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਟੋਂਗ ਜੀ ਯੂਨੀਵਰਸਿਟੀ ਦੇ ਦਫਤਰਾਂ ਵਲੋਂ ਜਾਰੀ ਇਕ ਪੱਤਰ ਜੋ ਕਿ ਇਕ ਵਿਦਿਆਰਥੀ ਨੇ ਸਾਂਝਾ ਕੀਤਾ ਹੈ, ਦੇ ਮੁਤਾਬਿਕ ਵਿਦਿਆਰਥੀਆਂ ਨੂੰ ਅਜੇ ਤੱਕ ਸਪਰਿੰਗ ਸੈਸ਼ਨ (ਬਸੰਤ ਸੈਸ਼ਨ) ਦੀ ਸ਼ੁਰੂਆਤ ਤੋਂ ਲੈ ਕੇ ਜਾਣਕਾਰੀ ਨਹੀਂ ਦਿੱਤੀ ਗਈ।

4 ਤੋਂ 6 ਮਹੀਨਿਆਂ ਤੱਕ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ

ਐਡਮਿਟਸ ਦੇ ਸੰਸਥਾਪਕ ਸੀ. ਈ. ਓ. ਰਾਜੀਵ ਗੰਝੂ ਮੁਤਾਬਿਕ ਚੀਨ ’ਚ ਇਕ ਮੈਡੀਸਨ ਕੋਰਸ ਨੂੰ ਪੂਰਾ ਕਰਨ ਵਿਚ 6 ਸਾਲ ਲੱਗਦੇ ਹਨ ਅਤੇ 20 ਤੋਂ 30 ਲੱਖ ਰੁਪਏ ਖਰਚ ਆਉਂਦੇ ਹਨ। ਚੀਨ ਦੇ ਜ਼ਿਆਦਾਤਰ ਸੰਸਥਾਨਾਂ ਨੇ ਵਿਦਿਆਰਥੀਆਂ ਨੂੰ ਸੰਸਥਾਨ ਖਾਲੀ ਕਰ ਕੇ ਘਰ ਜਾਣ ਲਈ ਕਿਹਾ ਹੈ। ਉਥੇ ਗੰਝੂ ਨੂੰ ਲੱਗਦਾ ਹੈ ਕਿ ਚੀਨੀ ਅਧਿਕਾਰੀ ਪਾਠਕ੍ਰਮ ਨੂੰ ਗਤੀ ਦੇਣਗੇ ਅਤੇ ਇਸ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਖਤਮ ਕਰ ਦੇਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਨੂੰ ਅਜੇ ਵੀ 4 ਤੋਂ 6 ਮਹੀਨੇ ਦੀ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਜੂਦਾ ਹਾਲਾਤ ਕਾਰਣ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਦਾ ਅਸਰ ਕਰਜ਼ਾ ਚੁਕਾਉਣ ’ਤੇ ਵੀ ਪੈਣ ਦੀ ਸੰਭਾਵਨਾ ਹੈ। ਆਖਰੀ ਸਾਲ ਦੀ ਪ੍ਰੀਖੀਆ ਤੋਂ ਬਾਅਦ ਵਿਦੇਸ਼ ’ਚ ਮੈਡੀਕਲ ਖੇਤਰ ਵਿਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਤੁਰੰਤ ਮੈਡੀਕਲ ਗ੍ਰੈਜੂਏਟ ਐਗਜ਼ਾਮ (ਐੱਫ. ਐੱਮ. ਜੀ. ਈ.) ਦੇਣਾ ਹੁੰਦਾ ਹੈ ਤਾਂ ਹੀ ਉਹ ਭਾਰਤ ਵਿਚ ਪ੍ਰੈਕਟਿਸ ਕਰਨ ’ਚ ਸਮਰੱਥ ਹੋ ਸਕਦੇ ਹਨ।

- 20-25 ਹਜ਼ਾਰ ਭਾਰਤੀ ਵਿਦਿਆਰਥੀ ਚੀਨ ’ਚ ਕਰ ਰਹੇ ਹਨ ਪੜ੍ਹਾਈ

- 80-90 ਫੀਸਦੀ ਮੈਡੀਕਲ ਦੇ ਖੇਤਰ ’ਚ ਕਰ ਰਹੇ ਹਨ ਅਧਿਐਨ

- ਕੁਝ ਸਰਦੀਆਂ ਦੀਆਂ ਛੁੱਟੀਆਂ ਕਾਰਣ ਘਰ ਆਏ ਤਾਂ ਕੁਝ ਕੋਰੋਨਾ ਵਾਇਰਸ ਦੇ ਕਾਰਣ

- ਭਾਰਤ ’ਚ ਨਿੱਜੀ ਮੈਡੀਕਲ ਕਾਲਜਾਂ ਦੇ ਮੁਕਾਬਲੇ ਚੀਨ ਵਿਚ ਘੱਟ ਫੀਸ ਅਤੇ ਵਧੀਆ ਇਨਫਰਾਸਕਟਰੱਚਰ ਕਾਰਣ ਮੈਡੀਕਲ ਵਿਦਿਆਰਥੀਆਂ ਦਾ ਰੁਝਾਨ ਚੀਨ ਵੱਲ

- ਪੜ੍ਹਾਈ ਲਈ ਦੂਸਰੇ ਦੇਸ਼ਾਂ ਵੱਲ ਰੁਝਾਨ ਕਰ ਸਕਦੇ ਹਨ ਵਿਦਿਆਰਥੀ

ਸਾਰਸ ਵਾਇਰਸ ਤੋਂ ਵੱਧ ਇਸ ਵਾਰ ਮੌਤਾਂ ਦਾ ਅੰਕੜਾ

2002 ਦੇ ਅਖੀਰ ’ਚ ਚੀਨ ਨੂੰ ਸਾਰਸ (ਸੀਵੀਅਰ ਐਕਿਊਟ ਰੈਸਿਪਰੇਟਰੀ ਸਿੰਡ੍ਰੋਮ) ਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪਿਆ ਸੀ, ਜੋ ਕੋਰੋਨਾ ਵਾਇਰਸ ਵਾਂਗ ਹੀ ਇਕ ਵਾਇਰਸ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਅੰਕੜਿਆਂ ਮੁਤਾਬਿਕ 8437 ਮਾਮਲਿਆਂ ’ਚ 813 ਮੌਤਾਂ ਹੋਈਆਂ ਹਨ। ਇਹ ਨਵੰਬਰ 2002 ਤੋਂ ਜੁਲਾਈ 2003 ਤੱਕ 7 ਮਹੀਨੇ ਦੀ ਮਿਆਦ ਤੋਂ ਵੱਧ ਹਨ। ਸਾਰਸ ਵਾਇਰਸ ’ਤੇ ਕਾਬੂ ਪਾਉਣ ਲਈ ਵੀ ਚੀਨ ਨੂੰ 8 ਮਹੀਨੇ ਦਾ ਸਮਾਂ ਲੱਗਾ ਸੀ। ਸਾਰਸ ਵਾਇਰਸ ਦੱਖਣੀ ਚੀਨ ਦੇ ਸੂਬੇ ਗੁਆਂਗਡੋਂਗ ਵਿਚ ਫੈਲਿਆ ਸੀ ਅਤੇ ਇਸ ਦੀ ਲਪੇਟ ’ਚ ਹਾਂਗਕਾਂਗ, ਤਾਈਪੇ, ਸਿੰਗਾਪੁਰ, ਵੀਅਤਨਾਮ ਦੀ ਰਾਜਧਾਨੀ ਹਨੋਈ ਆ ਗਏ ਸਨ।

ਸਾਲ ’ਚ 2 ਵਾਰ ਦਸੰਬਰ ਅਤੇ ਜੂਨ ਵਿਚ ਹੁੰਦਾ ਹੈ ਐੱਫ. ਐੱਮ. ਜੀ. ਈ.

ਈਵਾਈ ਇੰਡੀਆ ਦੇ ਪਾਰਟਨਰ ਅਤੇ ਐਜੂਕੇਸ਼ਨ ਸੈਕਟਰ ਲੀਡਰ ਅਮਿਤਾਭ ਝਿੰਗਨ ਦਾ ਕਹਿਣਾ ਹੈ ਕਿ ਚੀਨ ਵਿਚ ਮੌਜੂਦਾ ਵਾਇਰਸ ’ਤੇ ਪ੍ਰਕੋਪ ਦਾ ਅਸਰ ਆਉਣ ਵਾਲੇ ਬੈਚ ’ਤੇ ਪੈ ਸਕਦਾ ਹੈ। ਘੱਟ ਤੋਂ ਘੱਟ ਨਵੇਂ ਬੈਂਚਾਂ ’ਚ ਭਾਰਤੀ ਵਿਦਿਆਰਥੀਆਂ ਦੇ ਸ਼ਾਮਲ ਹੋਣ ਵਿਚ ਅਹਿਮ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਸਿੰਘ ਮੁਤਾਬਿਕ ਚੀਨ ਜੋ ਕਿ 2013-2014 ਵਿਚ ਮੈਡੀਕਲ ਗ੍ਰੈਜੂਏਟ ਲਈ ਇਕ ਮੰਜ਼ਿਲ ਦੇ ਰੂਪ ਵਿਚ ਸਾਹਮਣੇ ਆਇਆ ਸੀ, ਵਿਚ ਪਿਛਲੇ ਸਾਲ ਭਾਰਤੀ ਵਿਦਿਆਰਥੀਆਂ ਵਿਚ 50 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ। ਇਸ ਕਾਰਣ ਚੀਨ ਦੁਆਰਾ ਕੁਝ ਕਾਲਜਾਂ ਦੀ ਗਿਣਤੀ ਘੱਟ ਵੀ ਕੀਤੀ ਗਈ ਹੈ। ਇਸ ਸਾਲ ਇਨ੍ਹਾਂ ਕਾਲਜਾਂ ਵਿਚ ਦਾਖਲੇ ’ਚ 20-30 ਫੀਸਦੀ ਦੀ ਕਮੀ ਆ ਸਕਦੀ ਹੈ। ਹਾਲਾਂਕਿ ਅਜੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ ਕਿਉਂਕਿ ਵਿਦਿਆਰਥੀ ਅਪ੍ਰੈਲ ਵਿਚ ਐਪਲੀਕੇਸ਼ਨ ਦਾਇਰ ਕਰਦੇ ਹਨ।

ਯਾਕੇਟ ਦੇ ਸਹਿ ਸੰਸਥਾਪਕ ਸੁਮਿਤ ਜੈਨ ਨੇ ਕਿਹਾ ਕਿ ਮੌਜੂਦਾ ਪ੍ਰਕੋਪ ਕਾਰਣ ਨਿਸ਼ਚਿਤ ਰੂਪ ’ਚ ਚੀਨੀ ਯੂਨੀਵਰਸਿਟੀਆਂ ਵਿਚ ਅਰਜ਼ੀ ਦਾਖਲ ਕਰਨ ਵਿਚ ਪ੍ਰਹੇਜ਼ ਕਰਨਗੇ। ਇਸ ਨੂੰ ਦੂਰ ਕਰਨ ਵਿਚ ਮਹੀਨਿਆਂਬੱਧੀ ਸਮਾਂ ਲੱਗ ਸਕਦਾ ਹੈ।


Inder Prajapati

Content Editor

Related News