ਭਾਰਤੀ ਰੇਲ ਨੇ ਪਛਾੜ ''ਤੇ ਰੂਸ, ਚੀਨ ਤੇ ਬ੍ਰਿਟੇਨ ਵਰਗੇ ਦੇਸ਼, ਪੂਰੀ ਦੁਨੀਆਂ ''ਤੇ ਪਾਈ ਧੱਕ

Thursday, Dec 18, 2025 - 02:17 PM (IST)

ਭਾਰਤੀ ਰੇਲ ਨੇ ਪਛਾੜ ''ਤੇ ਰੂਸ, ਚੀਨ ਤੇ ਬ੍ਰਿਟੇਨ ਵਰਗੇ ਦੇਸ਼, ਪੂਰੀ ਦੁਨੀਆਂ ''ਤੇ ਪਾਈ ਧੱਕ

ਨੈਸ਼ਨਲ ਡੈਸਕ : ਭਾਰਤ ਦੀ ਜੀਵਨ ਰੇਖਾ ਕਹੀ ਜਾਣ ਵਾਲੀ ਭਾਰਤੀ ਰੇਲ ਨੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ ਜਿਸ 'ਚ ਭਾਰਤ ਨੇ ਰੂਸ, ਚੀਨ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਨੂੰ ਵੀ ਪਛਾੜ ਕੇ ਰੱਖ ਦਿੱਤਾ ਹੈ। ਦਰਅਸਲ ਭਾਰਤ 'ਚ ਹੁਣ ਸਾਰੀਆਂ ਟਰੇਨਾਂ ਬਿਜਲੀ 'ਤੇ ਚੱਲਣਗੀਆਂ। ਭਾਰਤੀ ਰੇਲ ਨੇ ਆਪਣੇ ਬਰਾਡ ਗੇਜ਼ ਨੈਟਵਰਕ ਦਾ 99.2 ਫੀਸਦੀ ਹਿੱਸਾ ਬਿਜਲੀ ਨਾਲ ਚੱਲਣ ਵਾਲਾ ਬਣਾ ਦਿੱਤਾ ਹੈ। ਰੇਲਵੇ ਲਾਈਨਾਂ 'ਤੇ ਜ਼ਿਆਦਾਤਰ ਟਰੇਨਾਂ ਹੁਣ ਡੀਜ਼ਲ ਦੀ ਬਜਾਏ ਬਿਜਲੀ ਨਾਲ ਚੱਲਣਗੀਆਂ ਮਤਲਬ ਰੇਲਵੇ ਲਾਈਨਾਂ 'ਤੇ ਹੁਣ ਇਲੈਕਟ੍ਰਿਕ ਟਰੇਨਾਂ ਦੌੜਨਗੀਆਂ। ਭਾਰਤ ਦੀ ਇਸ ਤਕਨੀਕ ਨਾਲ ਜਿੱਥੇ ਈਂਧਣ ਦੀ ਬੱਚਤ ਹੋਵੇਗੀ, ਉਥੇ ਵਾਤਾਵਰਣ ਦੀ ਸ਼ੁੱਧਤਾ ਨੂੰ ਵੀ ਬਰਕਰਾਰ ਰੱਖਿਆ ਜਾ ਸਕੇਗਾ।

ਹੋਰਨਾਂ ਦੇਸ਼ਾਂ ਦੀਆਂ ਵੱਡੀਆਂ ਰੇਲ ਤਾਕਤਾਂ ਨੂੰ ਪਿਛਾੜਿਆ
ਭਾਰਤ ਰੇਲਵੇ ਲਾਈਨਾਂ ਨੂੰ 100 ਫੀਸਦੀ ਇਲੈਕਟ੍ਰਿਕ ਬਣਾਉਣ ਦੇ ਟੀਚੇ ਦੇ ਕਾਫੀ ਨੇੜੇ ਪਹੁੰਚ ਚੁੱਕਾ ਹੈ ਜਦਕਿ ਰੂਸ, ਚੀਨ ਅਤੇ ਬ੍ਰਿਟੇਨ ਵਰਗੇ ਦੇਸ਼ਾਂ 'ਚ ਰੇਲਵੇ ਨੈਟਵਰਕ ਦਾ ਵੱਡਾ ਹਿੱਸਾ ਹਾਲੇ ਵੀ ਇਲੈਕਟ੍ਰਿਕ ਨਹੀਂ ਹੈ। ਭਾਰਤ ਦੇ ਇਸ ਰਿਕਾਰਡ ਨੇ ਦੁਨੀਆਂ ਦੀਆਂ ਵੱਡੀਆਂ ਰੇਲ ਤਾਕਤਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰੇਲ ਵਿਭਾਗ ਦੇ ਅਨੁਸਾਰ ਬ੍ਰਿਟੇਨ 'ਚ ਸਿਰਫ 39 ਫੀਸਦੀ, ਰੂਸ 'ਚ 52 ਫੀਸਦੀ ਅਤੇ ਚੀਨ 'ਚ 82 ਫੀਸਦੀ ਰੇਲਵੇ ਇਲੈਕਟ੍ਰੀਫਾਈਡ ਹੈ, ਜਦਕਿ ਭਾਰਤ 100 ਫੀਸਦੀ ਟਾਰਗੇਟ ਤੱਕ ਪਹੰਚ ਚੁੱਕਾ ਹੈ। ਪਿਛਲੇ ਇਕ ਦਹਾਕੇ ਤੋਂ ਇਹ ਬਦਲਾਅ ਬਹੁਤ ਤੇਜ਼ੀ ਨਾਲ ਹੋਇਆ ਹੈ ਅਤੇ ਸਾਲ 2014 ਤੋਂ 2025 ਵਿਚਕਾਰ 46,900 ਰੂਟ ਕਿਲੋਮੀਟਰ  ਲਾਈਨਾਂ ਦਾ ਨਵੀਨੀਕਰਨ ਕੀਤਾ ਗਿਆ ਹੈ, ਜੋ ਪਿਛਲੇ 60 ਸਾਲਾਂ ਤੋਂ ਵੀ ਜ਼ਿਆਦਾ ਹੈ।

ਰੇਲਵੇ ਦੇ 14 ਜ਼ੋਨ ਹੋਏ ਇਲੈਕਟ੍ਰੀਫਾਈਡ
ਦੇਸ਼ ਦੇ ਨਾਰਦਰਨ, ਈਸਟਰਨ, ਸੈਂਟਰਲ ਅਤੇ ਵੈਸਟਰਨ ਵਰਗੇ 14 ਵੱਡੇ ਜ਼ੋਨ ਪੂਰੀ ਤਰ੍ਹਾਂ ਇਲੈਕਟ੍ਰੀਫਾਈਡ ਹੋ ਚੁੱਕੇ ਹਨ ਜਿਨ੍ਹਾਂ 'ਚ 25 ਰਾਜ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਤੋ ਇਲਾਵਾ ਉਤਰ-ਪੂਰਬੀ ਭਾਰਤ ਦੇ ਅਰੁਣਾਂਚਲ ਪ੍ਰਦੇਸ਼, ਮੇਘਾਲਿਆ, ਤ੍ਰਿਪੁਰਾ, ਨਾਗਾਲੈਂਡ ਅਤੇ ਮਿਜ਼ੋਰਮ 'ਚ ਵੀ ਰੇਲ ਨੈਟਵਰਕ ਪੂਰਾ ਇਲੈਕਟ੍ਰਿਕ ਹੋ ਗਿਆ ਹੈ ਜਦਕਿ ਆਸਾਮ 'ਚ 92 ਫੀਸਦੀ ਹਿੱਸੇ ਦਾ ਨਵੀਨੀਕਰਨ ਹੋ ਚੁੱਕਾ ਹੈ।

ਸੋਲਰ ਪਾਵਰ ਵੀ ਕੀਤੇ ਸ਼ੁਰੂ
ਭਾਰਤੀ ਰੇਲ ਹੁਣ ਬਿਜਲੀਕਰਨ ਤੱਕ ਹੀ ਸੀਮਿਤ ਨਹੀਂ ਰਹੀ, ਸਗੋਂ ਦੇਸ਼ ਦੇ 2626 ਰੇਲਵੇ ਸਟੇਸ਼ਨਾਂ 'ਤੇ 898 ਮੈਗਾਵਾਟ ਸੋਲਰ ਪਾਵਰ ਵੀ ਸ਼ੁਰੂ ਕੀਤੇ ਜਾ ਚੁੱਕੇ ਹਨ ਤਾਂ ਕਿ ਬਿਜਲੀ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਭਾਰਤ ਦੀ ਇਸ ਉਪਲਬਧੀ ਨਾਲ ਭਾਰਤੀ ਰੇਲ ਆਧੁਨਿਕ ਅਤੇ ਵਾਤਾਵਰਣ ਦੇ ਅਨੁਕੂਲ ਬਣ ਰਹੀ ਹੈ। ਅੰਕੜਿਆਂ ਅਨੁਸਾਰ ਸੜਕ ਆਵਾਜਾਈ ਦੇ ਮੁਕਾਬਲੇ ਰੇਲ ਆਵਾਜਾਈ 89 ਫੀਸਦੀ ਘੱਟ ਕਾਰਬਨ ਡਾਈਆਕਸਾਈਡ ਪੈਦਾ ਕਰਦਾ ਹੈ। ਇਕ ਟਨ ਮਾਲ ਨੂੰ ਇਕ ਕਿਲੋਮੀਟਰ ਸੜਕ ਰਾਹੀਂ ਲਿਜਾਣ 'ਤੇ 101 ਗ੍ਰਾਮ ਜਦਕਿ ਰੇਲਵੇ ਰਾਹੀਂ ਲਿਜਾਣ 'ਤੇ 11.5 ਗ੍ਰਾਮ ਕਾਰਬਨ ਡਾਈਆਕਸਾਈਡ ਨਿਕਲਦੀ ਹੈ।ਇਸੇ ਕਰਕੇ ਭਾਰਤੀ ਰੇਲਵੇ ਨੂੰ ਹਰੀ ਆਵਾਜਾਈ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। 2030 ਤੱਕ ਭਾਰਤ ਸਰਕਾਰ ਨੇ ਭਾਰਤੀ ਰੇਲ ਨੂੰ ਨੈਟ-ਜ਼ੀਰੋ ਕਾਰਬਨ ਐਮੀਟਰ ਬਣਾਉਣ ਦਾ ਟੀਚਾ ਵੀ ਤੈਅ ਕੀਤਾ ਹੈ।


author

DILSHER

Content Editor

Related News