ਕੋਰੋਨਾ ਕਾਲ 'ਚ ਫੇਲ੍ਹ ਹੋਇਆ ਦੇਸ਼ ਦਾ ਸਰਕਾਰੀ ਤੰਤਰ, ਸਾਧਨ ਵਿਹੂਣੇ ਡਾਕਟਰ ਕਿਵੇਂ ਲੜਨ ਆਫ਼ਤ ਨਾਲ ਜੰਗ!
Wednesday, May 12, 2021 - 07:08 PM (IST)
ਭਾਰਤ ਵਿੱਚ ਕੋਰੋਨਾ ਲਾਗ ਦੀ ਦੂਜੀ ਲਹਿਰ ਪੂਰੀ ਤਰਾਂ ਬੇਕਾਬੂ ਹੋ ਗਈ ਹੈ ਜਿਸ ਨਾਲ ਸਿਰਫ਼ ਸਿਹਤ ਤੰਤਰ ਹੀ ਤਹਿਸ ਨਹਿਸ ਨਹੀਂ ਹੋਇਆ ਸਗੋਂ ਵੱਖ ਵੱਖ ਪੱਧਰ ਦੀਆਂ ਸਰਕਾਰਾਂ ਵੀ ਅਸਫ਼ਲ ਸਾਬਤ ਹੋ ਰਹੀਆਂ ਹਨ। ਭ੍ਰਿਸ਼ਟਾਚਾਰ ਅਤੇ ਕਾਲਾਬਾਜ਼ਾਰੀ ਇੱਕ ਵੱਡੀ ਸਮੱਸਿਆ ਹੈ ਪਰ ਸਰਕਾਰੀ ਤੰਤਰ ਦਾ ਅਸਫ਼ਲ ਹੋ ਜਾਣਾ ਹੋਰ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ। ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਭਾਗਾਂ ਵਿੱਚ ਆਕਸੀਜਨ ਦੀ ਘਾਟ ਤੀਜੇ ਹਫ਼ਤੇ ਵੀ ਜਾਰੀ ਹੈ। ਕੇਂਦਰ ਸਰਕਾਰ ਦਾਅਵੇ ਕਰ ਰਹੀ ਹੈ ਕਿ ਆਕਸੀਜਨ ਦੀ ਘਾਟ ਪੂਰੀ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਜਿਸ ਵਿੱਚ ਢੋਆ-ਢੋਆਈ ਲਈ ਰੇਲ ਨੈੱਟਵਰਕ, ਹਵਾਈ ਫ਼ੌਜ ਅਤੇ ਨੇਵੀ ਤੱਕ ਨੂੰ ਵੀ ਵਰਤਿਆ ਜਾ ਰਿਹਾ ਹੈ। ਵਿਦੇਸ਼ੀ ਮਦਦ ਵੀ ਧੜਾਧੜ ਪੁੱਜ ਰਹੀ ਹੈ। ਆਕਸੀਜਨ ਬਣਾਉਣ ਵਾਲੇ ਯੰਤਰ, ਸਿਲੰਡਰ ਅਤੇ ਕੰਸਨਟਰੇਟਰ ਸ਼ਾਮਲ ਹਨ। ਸੰਸਾਰ ਦੇ 40 ਦੇ ਕਰੀਬ ਦੇਸ਼ਾਂ ਤੋਂ ਵੱਖ ਵੱਖ ਸਾਧਨਾਂ ਰਾਹੀਂ ਭਾਰਤ ਮਦਦ ਭੇਜੀ ਜਾ ਰਹੀ ਹੈ। ਇਹ ਖ਼ਬਰਾਂ ਵੀ ਹਨ ਕਿ ਸਰਕਾਰੀ ਤੰਤਰ ਇਸ ਵਿਦੇਸ਼ੀ ਮਦਦ ਨੂੰ ਵੱਖ ਵੱਖ ਹਸਪਤਾਲਾਂ ਅਤੇ ਰਾਜਾਂ ਨੂੰ ਵੰਡਣ ਵਿੱਚ ਬਹੁਤ ਸੁਸਤੀ ਤੋਂ ਕੰਮ ਲੈ ਰਿਹਾ ਹੈ ਜਿਸ ਦਾ ਨੋਟਿਸ ਕੌਮਾਂਤਰੀ ਭਾਈਚਾਰੇ ਅਤੇ ਪ੍ਰੈਸ ਨੇ ਵੀ ਲਿਆ ਹੈ।
ਮੈਡੀਕਲ ਸਾਜ਼ੋ ਸਾਮਾਨ ਦੀ ਕਾਲਾਬਾਜ਼ਾਰੀ ਚਿੰਤਾ ਦਾ ਵਿਸ਼ਾ
ਆਕਸੀਜਨ, ਐਂਟੀ ਵਾਇਰਲ ਟੀਕੇ ਰੈਮਿਡਜ਼ਵੀਅਰ, ਐਂਬੂਲੈਸਾਂ ਅਤੇ ਹਸਪਤਾਲ ਦੇ ਬੈੱਡਾਂ ਦੀ ਕਾਲਾਬਜ਼ਾਰੀ ਹੋ ਰਹੀ ਹੈ। ਕੋਰੋਨਾ ਨਾਲ ਮਰ ਰਹੇ ਲੋਕਾਂ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਕਬਰਸਤਾਨਾਂ ਵਿੱਚ ਲਾਸ਼ਾਂ ਦੀਆਂ ਵੀ ਕਤਾਰਾਂ ਲੱਗੀਆਂ ਹੋਈਆਂ ਹਨ। ਕਈ ਪਰਿਵਾਰ ਆਪਣੇ ਮ੍ਰਿਤਕਾਂ ਦੀਆਂ ਲਾਸ਼ਾਂ ਦੀਆਂ ਅੰਤਿਮ ਰਸਮਾਂ ਕਰਨ ਤੋਂ ਅਸਮਰਥ ਹਨ ਜਾਂ ਕਰਨ ਤੋਂ ਪਾਸਾ ਹੀ ਵੱਟ ਜਾਂਦੇ ਹਨ। ਇਸ ਵਿੱਚ ਕੋਰੋਨਾ ਦਾ ਭੈਅ ਅਤੇ ਸਾਧਨਾਂ ਦੀ ਘਾਟ ਮੁੱਖ ਕਾਰਨ ਹੋ ਸਕਦੇ ਹਨ। ਕਈ ਸਮਾਜ ਸੇਵੀ ਸੰਗਠਨ ਅਤੇ ਲੋਕ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਕਰ ਜਾਂ ਕਰਵਾ ਰਹੇ ਹਨ। ਬਹੁਤ ਸਾਰੇ ਕੋਰੋਨਾ ਦਾ ਸ਼ਿਕਾਰ ਵੀ ਹੋ ਰਹੇ ਹਨ। ਰਾਜਧਾਨੀ ਦਿੱਲੀ ਵਿੱਚ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਵਲੰਟੀਅਰ ਗੁਰਮੀਤ ਸਿੰਘ ਸ਼ੰਟੀ ਦੀ ਅਗਵਾਈ ਵਿੱਚ ਮੁਰਦਿਆਂ ਦੀਆਂ ਅੰਤਿਮ ਰਸਮਾਂ ਦੀ ਸੇਵਾ ਸਾਲ 2020 ਵਿੱਚ ਆਈ ਪਹਿਲੀ ਲਹਿਰ ਦੇ ਸਮੇਂ ਤੋਂ ਕਰ ਰਿਹਾ ਹੈ। ਇਸ ਦੌਰਾਨ ਕਈ ਵਲੰਟੀਅਰ ਇੱਕ ਤੋਂ ਵੱਧ ਵਾਰ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਕਿਸਮ ਦੀ ਸੇਵਾ ਕਰਨ ਵਾਲੇ ਹੋਰ ਵੀ ਬਹੁਤ ਹਨ ਜਿਨ੍ਹਾਂ ਦੇ ਨਾਮ ਮੀਡੀਆ ਤੱਕ ਨਹੀਂ ਪੁੱਜਦੇ। 'ਆਕਸੀਜਨ ਲੰਗਰ' ਦੀ ਸ਼ੁਰੂਆਤ ਇੱਕ ਗੁਰਦੁਆਰੇ ਤੋਂ ਹੋਈ ਸੀ ਅਤੇ ਹੁਣ ਹੋਰ ਵੀ ਕਈ ਅਦਾਰੇ ਅਤੇ ਵਲੰਟੀਅਰ ਇਹ ਸੇਵਾ ਕਰ ਰਹੇ ਹਨ। ਇਹਨਾਂ ਲੋਕਾਂ ਦੀ ਸੇਵਾ ਭਾਵਨਾ ਉਹਨਾਂ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ ਜੋ ਕੋਰੋਨਾ ਲਾਗ ਦੀ ਬੀਮਾਰੀ ਨੂੰ ਅਮੀਰ ਹੋਣ ਦਾ ਸਾਧਨ ਸਮਝਦੇ ਹਨ।
ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!
ਸਰਕਾਰਾਂ ਦਾ ਅਵੇਸਲਾਪਨ
ਕੇਂਦਰ ਸਰਕਾਰ, ਰਾਜ ਸਰਕਾਰਾਂ, ਮਾਹਿਰਾਂ ਅਤੇ ਆਮ ਲੋਕਾਂ ਦਾ ਅਵੇਸਲਾਪਨ ਵੀ ਇਸ ਵੱਡੇ ਦੁਖਾਂਤ ਦਾ ਕਾਰਨ ਹੈ। ਬਹੁਤ ਸਾਰੇ ਲੋਕ ਅਜੇ ਵੀ ਲਾਹਪ੍ਰਵਾਹ ਜਾਪਦੇ ਹਨ। ਗੁਜਰਾਤ ਵਿੱਚ ਇੱਕ ਮੰਦਿਰ ਵਿੱਚ ਕਿਸੇ ਖਾਸ ਲੋਕਲ ਤਿਉਹਾਰ ਮੌਕੇ ਸੈਂਕੜੇ ਬੀਬੀਆਂ ਦੀ ਵੀਡੀਓ ਵਾਇਰਲ ਹੋਈ ਹੈ ਜੋ ਕੋਰੋਨਾ ਪ੍ਰੋਟੋਕੋਲ ਦੀ ਪ੍ਰਵਾਹ ਕੀਤੇ ਬਿਨਾਂ ਪਾਣੀ ਦੇ ਭਰੇ ਮਟਕੇ ਚੁੱਕੀ ਇੱਕ ਮੰਦਿਰ ਜਾ ਰਹੀਆਂ ਸਨ। ਯੂਪੀ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਆਏ ਤਾਂ ਜੇਤੂਆਂ ਨੇ ਕੋਰੋਨਾ ਦੀ ਪ੍ਰਵਾਹ ਕੀਤੇ ਬਿਨਾਂ ਜਲੂਸ ਕੱਢਣੇ ਸ਼ੁਰੂ ਕਰ ਦਿੱਤੇ। ਇਸ ਤੋਂ ਪਹਿਲਾਂ ਪੰਜ ਸੂਬਿਆਂ ਦੀਆਂ ਚੋਣਾਂ, ਕੁੰਭ ਮੇਲੇ ਅਤੇ ਹੋਰ ਤਿਉਹਾਰਾਂ ਮੌਕੇ ਵੀ ਕੋਰੋਨਾ ਪ੍ਰਤੀ ਘੋਰ ਲਾਪ੍ਰਵਾਹੀ ਵਰਤੀ ਸੀ ਜੋ ਬਹੁਤ ਮਹਿੰਗੀ ਪੈ ਰਹੀ ਹੈ। ਯਕੀਨ ਕਰਨਾ ਮੁਸ਼ਕਲ ਹੈ ਕਿ ਏਡਾ ਵੱਡਾ ਦੁਖਾਂਤ ਵਾਪਰ ਰਿਹਾ ਹੋਵੇ ਪਰ ਲੋਕ ਫਿਰ ਵੀ ਏਨੇ ਲਾਹਪ੍ਰਵਾਹ ਹੋਣ।
ਦੇਸ਼ ਦੇ ਕਈ ਭਾਗਾਂ ਵਿੱਚ ਕੋਰੋਨਾ ਬੰਦਿਸ਼ਾਂ ਦਾ ਪਾਲਣ ਕਰਵਾਉਣ ਦੇ ਯਤਨ ਕਰ ਰਹੀ ਪੁਲਿਸ ਉੱਤੇ ਹਮਲਿਆਂ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਵਿਦੇਸ਼ਾਂ ਵਿੱਚ ਵੀ ਅਜੇਹੇ ਲੋਕ ਅਤੇ ਸੰਗਠਨ ਹਨ ਜੋ ਸਰਕਾਰਾਂ ਵਲੋਂ ਲਗਾਈਆਂ ਕੋਰੋਨਾ ਪਾਬੰਦੀਆਂ ਜਾਂ ਲਾਕਡਾਊਨ ਦਾ ਵਿਰੋਧ ਕਰਦੇ ਹਨ ਅਤੇ ਕਈ ਵਾਰ ਹਿੰਸਕ ਵੀ ਹੋ ਜਾਂਦੇ ਹਨ। ਹਜ਼ਾਰਾਂ ਲੋਕ ਹਰ ਰੋਜ਼ ਕੋਰੋਨਾ ਨਾਲ ਮਰ ਰਹੇ ਹਨ ਪਰ ਅਜੇ ਵੀ ਅਜੇਹੇ ਲੋਕ ਆਮ ਮਿਲ ਜਾਂਦੇ ਹਨ ਜੋ ਕੋਰੋਨਾ ਨੂੰ 'ਜਾਅਲੀ ਜਾਂ ਫਰਾਡ' ਦੱਸਦੇ ਹਨ।
ਹਸਪਤਾਲ ਸਟਾਫ਼ ਦਾ ਦੁਖਾਂਤ
ਕੋਰੋਨਾ ਮਰੀਜ਼ਾਂ ਦੀ ਸੰਭਾਲ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਇਸ ਬੀਮਾਰੀ ਦਾ ਭੈਅ ਅਤੇ ਸੰਕਰਮਣ ਬਹੁਤ ਹੈ। ਡਾਕਟਰ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀ ਬਹੁਤ ਮੁਸ਼ਕਲ ਕੰਮ ਕਰ ਰਹੇ ਹਨ। ਭਾਰਤ ਵਿੱਚ ਆਕਸੀਜਨ, ਦਵਾਈਆਂ ਅਤੇ ਹੋਰ ਸਾਧਨਾਂ ਦੀ ਘਾਟ ਕਾਰਨ ਇਹ ਕੰਮ ਹੋਰ ਵੀ ਮੁਸ਼ਕਲ ਹੈ। ਬਹੁਤ ਸਾਰੇ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਕਾਰਨ ਦਰਜਨਾਂ ਮਰੀਜਾਂ ਦੀਆਂ ਮੌਤਾਂ ਹੋਈਆਂ ਹਨ। ਅਜਿਹੇ ਕੇਸਾਂ ਵਿੱਚ ਮ੍ਰਿਤਕਾਂ ਦੇ ਨਜ਼ਦੀਕੀ ਭੜਕ ਜਾਂਦੇ ਹਨ ਅਤੇ ਸਟਾਫ਼ ਉੱਤੇ ਟੁੱਟ ਪੈਂਦੇ ਹਨ। ਹਸਪਤਾਲਾਂ ਦੀ ਭੰਨਤੋੜ ਕਰਦੇ ਹਨ। ਗੁਰੂਗਰਾਮ ਵਿੱਚ ਜਦ ਆਕਸੀਜਨ ਦੀ ਘਾਟ ਕਾਰਨ 8-9 ਮਰੀਜ਼ਾਂ ਦੀ ਮੌਤ ਹੋ ਗਈ ਤਾਂ ਭੜਕੇ ਲੋਕਾਂ ਦੇ ਡਰੋਂ ਡਾਕਟਰਾਂ, ਨਰਸਾਂ ਅਤੇ ਸਟਾਫ਼ ਨੂੰ ਲੁਕਣਾ ਜਾਂ ਭੱਜਣਾ ਪਿਆ। ਇਹ ਬਹੁਤ ਵੱਡਾ ਦੁਖਾਂਤ ਹੈ ਕਿ ਪੀੜ੍ਹਤ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਇੱਕ ਪਾਸੇ ਸਾਧਨਾਂ ਦੀ ਘਾਟ ਤੋਂ ਦੁਖੀ ਹਨ ਅਤੇ ਦੂਜੇ ਪਾਸੇ ਉਹਨਾਂ ਨੂੰ ਮਰੀਜ਼ਾਂ ਦੇ ਪਰਿਵਾਰਾਂ ਤੋਂ ਜਿਸਮਾਨੀ ਹਮਲਿਆਂ ਦਾ ਡਰ ਹੈ। ਦਿੱਲੀ ਦੇ ਇਕ ਹਸਪਤਾਲ ਦੇ ਇਕ ਬਹੁਤ ਕਾਬਲ ਡਾਕਟਰ ਵਲੋਂ ਖ਼ੁਦਕਸ਼ੀ ਕੀਤੇ ਜਾਣ ਦੀ ਦੁਖਦਾਈ ਖ਼ਬਰ ਵੀ ਆਈ ਹੈ।
ਇਹ ਵੀ ਪੜ੍ਹੋ :RSS ਵੱਲੋਂ ਭਾਜਪਾ ਨੂੰ ਆਤਮ ਮੰਥਨ ਦੀ ਸਲਾਹ, ਕਿਹਾ-ਇਕ ਗ਼ਲਤ ਪ੍ਰਯੋਗ ਨੇ ਪੱਛਮੀ ਬੰਗਾਲ 'ਚ ਪਾਸਾ ਪਲਟਿਆ
ਅਦਾਲਤਾਂ ਦੇਣ ਸਖ਼ਤ ਫ਼ੈਸਲੇ
ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ, ਸਟਾਫ਼ ਦੀ ਘਾਟ, ਬੈੱਡਾਂ ਦੀ ਘਾਟ ਅਤੇ ਹੋਰ ਸਾਧਨਾਂ ਦੀ ਘਾਟ ਲਈ ਸਟਾਫ਼ ਜ਼ਿੰਮੇਵਾਰ ਨਹੀਂ ਹੈ। ਇਸ ਦੀ ਜ਼ਿੰਮੇਵਾਰੀ ਸੁਬਾਈ ਅਤੇ ਕੇਂਦਰ ਸਰਕਾਰ ਦੀ ਹੈ। ਇਸ ਭਿਅੰਕਰ ਹਾਲਾਤ ਦੇ ਟਾਕਰੇ ਲਈ ਉੱਪਰ ਤੋਂ ਲੈ ਕੇ ਹੇਠਲੀ ਪੱਧਰ ਤੱਕ ਮਿਹਨਤ ਅਤੇ ਸਹਿਯੋਗ ਦੀ ਲੋੜ ਹੈ। ਵੱਖ ਵੱਖ ਅਦਾਲਤਾਂ ਨੇ ਕੇਂਦਰ ਅਤੇ ਕਈ ਸੁਬਾਈ ਸਰਕਾਰਾਂ ਨੂੰ ਨਖਿੱਧ ਪ੍ਰਬੰਧਾਂ ਲਈ ਝਾੜਾਂ ਪਾਈਆਂ ਹਨ। ਜਮ੍ਹਾਂਖੋਰਾਂ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਵੱਖ ਵੱਖ ਸਰਕਾਰਾਂ ਅਜੇਹੇ ਬਲੈਕੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੀਆਂ ਅਤੇ ਜਦ ਇਹਨਾਂ ਦੇ ਕੇਸ ਅਦਾਲਤਾਂ ਸਾਹਮਣੇ ਪੇਸ਼ ਹੋਣਗੇ ਤਾਂ ਅਦਾਲਤਾਂ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣਗੀਆਂ ਤਾਂਕਿ ਸੁਨੇਹਾ ਦੂਰ ਤੱਕ ਜਾਵੇ।
ਬਲਰਾਜ ਦਿਓਲ,
11 Squirreltail Way, Brampton, Ont., L6R 1X4
Tel: 905-793-5072
ਨੋਟ: ਕੋਰੋਨਾ ਕਾਰਨ ਦੇਸ਼ 'ਚ ਹੋ ਰਹੀਆਂ ਮੌਤਾਂ ਦਾ ਜ਼ਿਮੇਵਾਰ ਕੌਣ ਹੈ?