3 ਦਹਾਕਿਆਂ ''ਚ ਬਦਲੀ ਦੇਸ਼ ਦੀ ਤਸਵੀਰ, ਧੀਆਂ ਵਾਲੇ ਪਰਿਵਾਰਾਂ ਦੀ ਗਿਣਤੀ ਵਧੀ,ਪੰਜਾਬ ''ਤੇ ਹਰਿਆਣਾ ਵੀ ਸ਼ਾਮਿਲ

Monday, Oct 12, 2020 - 02:07 PM (IST)

ਨਵੀਂ ਦਿੱਲੀ- ਬੀਤੇ ਕੁਝ ਸਾਲਾਂ ਤੋਂ ਦੇਸ਼ ਦੀ ਸੋਚ 'ਚ ਸਕਾਰਾਤਮਕ ਤਬਦੀਲੀ ਆਈ ਹੈ। ਇਨ੍ਹਾਂ 'ਚ ਸਭ ਤੋਂ ਅਹਿਮ ਭਾਰਤੀ ਪਰਿਵਾਰਾਂ 'ਚ ਪੁੱਤਰ ਦੀ ਇੱਛਾ 'ਚ ਗਿਰਾਵਟ ਆਉਣਾ ਹੈ। ਹੁਣ ਨਾ ਜ਼ਿਆਦਾ ਪਰਿਵਾਰਾਂ 'ਚ ਹਰ ਕੀਮਤ 'ਤੇ ਪੁੱਤਰ ਦੀ ਪੈਦਾਇਸ਼ ਦੀ ਜਿੱਦ ਹੈ ਅਤੇ ਨਾ ਹੀ ਵੱਧ ਇੱਛਾ। ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਪਾਪੁਲੇਸ਼ਨ ਸਾਇੰਸੇਜ਼ ਦੇ ਸੋਧ ਦੇ ਨਤੀਜਿਆਂ ਨਾਲ ਸਮਾਜ ਦੇ ਅੰਦਰ ਆਈ ਇਸ ਬੁਨਿਆਦੀ ਤਬਦੀਲੀ ਦਾ ਸੰਕੇਤ ਮਿਲਿਆ ਹੈ। ਸੋਧ ਦੀ ਅਗਵਾਈ ਕਰਨ ਵਾਲੇ ਮੁੰਬਈ ਦੇ ਜਨਸੰਖਿਆ ਵਿਗਿਆਨ ਸੰਸਥਾ ਦੇ ਪ੍ਰੋਫੈਸਰ ਹਰਿਹਰ ਸਾਹੂ ਅਨੁਸਾਰ, 1992 ਤੋਂ ਲੈ ਕੇ 2016 ਤੱਕ ਦੇ ਨੈਸ਼ਨਲ ਫੈਮਿਲੀ ਹੈਲਥ ਸਰਵੇ 'ਚ ਸ਼ਾਮਲ 8 ਲੱਖ 88 ਹਜ਼ਾਰ ਪਰਿਵਾਰਾਂ ਦੀਆਂ 9 ਲੱਖ 99 ਹਜ਼ਾਰ ਵਿਆਹੁਤਾ ਬੀਬੀਆਂ ਨਾਲ ਹੋਈ ਗੱਲਬਾਤ ਨੂੰ ਆਧਾਰ ਬਣਾਇਆ ਗਿਆ ਹੈ। ਇਹ ਪਰਿਵਾਰ ਪੇਂਡੂ ਅਤੇ ਸ਼ਹਿਰੀ ਤੋਂ ਇਲਾਵਾ ਸਿੱਖਿਆ ਦੇ ਪੱਧਰ ਜਿਵੇਂ ਪ੍ਰਾਇਮਰੀ, ਸੈਕੰਡਰੀ ਅਤੇ ਹਾਇਰ ਐਜ਼ੂਕੇਸ਼ਨ, ਧਾਰਮਿਕ ਅਤੇ ਜਾਤੀ ਆਧਾਰ ਦੇ ਚਾਰ ਵਰਗਾਂ 'ਚ ਵੰਡੇ ਹੋਏ ਸਨ। 

ਅੰਕੜਿਆਂ 'ਚ ਇਹ ਗੱਲ ਆਈ ਸਾਹਮਣੇ
ਸਰਵੇ ਤੋਂ ਮਿਲੇ ਅੰਕੜਿਆਂ ਦੇ ਤੁਲਨਾਤਮਕ ਅਧਿਐਨ ਤੋਂ ਪਤਾ ਲੱਗਾ ਹੈ ਕਿ 2 ਧੀਆਂ ਅਤੇ ਬਿਨਾਂ ਪੁੱਤਰ ਦੇ 33.6 ਫੀਸਦੀ ਘਰਾਂ 'ਚ ਪਰਿਵਾਰ ਯੋਜਨਾਬੰਦੀ ਦੇ ਤਰੀਕਿਆਂ ਨੂੰ ਅਪਣਾਇਆ ਗਿਆ ਸੀ ਜਾਂ ਪਰਿਵਾਰ ਨੂੰ ਇੰਨਾ ਹੀ ਸੀਮਿਤ ਰੱਖਣ ਦਾ ਸੰਕਲਪ ਪਾਇਆ ਗਿਆ। ਤਿੰਨ ਦਹਾਕਿਆਂ 'ਚ ਸੋਧ ਦਾ ਅਹਿਮ ਨਤੀਜਾ ਇਹ ਹੈ ਕਿ ਸਿਰਫ਼ ਧੀਆਂ ਵਾਲੇ ਪਰਿਵਾਰ ਉੱਚ ਸਿੱਖਿਅਤ ਅਤੇ ਆਰਥਿਕ ਰੂਪ ਨਾਲ ਸੰਪੰਨ ਹਨ। ਸਾਹੂ ਦੱਸਦੇ ਹਨ ਕਿ ਸਾਡੇ ਵਿਸ਼ਲੇਸ਼ਣ 'ਚ ਇਹ ਗੱਲ ਸਾਹਮਣੇ ਆਈ ਹੈ ਕਿ 1992 'ਚ ਸਿਰਫ਼ ਧੀਆਂ ਵਾਲੇ 16 ਫੀਸਦੀ ਜੋੜਿਆਂ ਨੇ ਹੀ ਪਰਿਵਾਰ ਨਿਯੋਜਨ ਦੇ ਸਥਾਈ ਵਿਕਲਪ ਅਪਣਾਏ ਸਨ। ਤਿੰਨ ਧੀਆਂ ਅਤੇ ਕੋਈ ਪੁੱਤਰ ਨਹੀਂ ਰੱਖਣ ਵਾਲੇ 20 ਫੀਸਦੀਆਂ ਜੋੜਿਆਂ ਨੇ ਇਹ ਰਸਤਾ ਚੁਣਿਆ ਸੀ ਪਰ 30 ਸਾਲ ਬਾਅਦ ਇਹ ਅੰਕੜਾ 34 ਫੀਸਦੀ ਤੱਕ ਪਹੁੰਚ ਗਿਆ। ਉਨ੍ਹਾਂ ਬੀਬੀਆਂ ਦੀ ਗਿਣਤੀ ਵੱਧ ਹੈ, ਜੋ ਇਕ ਪੁੱਤਰ ਪਾਉਣ ਦੀ ਆਸ ਪੂਰੀ ਹੋਏ ਬਿਨਾਂ ਪਰਿਵਾਰ ਯੋਜਨਾਬੰਦੀ ਦਾ ਸਥਾਈ ਰਸਤਾ ਅਪਣਾਉਣ ਲਈ ਤਿਆਰ ਨਹੀਂ ਹਨ। ਨਸਬੰਦੀ ਕਰਵਾਉਣ ਵਾਲੇ 60 ਫੀਸਦੀ ਜੋੜੇ ਅਜਿਹੇ ਸਨ, ਜਿਨ੍ਹਾਂ ਦੇ ਪਰਿਵਾਰ 'ਚ 2 ਪੁੱਤਰ ਹਨ ਅਤੇ ਧੀ ਇਕ ਵੀ ਨਹੀਂ ਹੈ।

ਪੰਜਾਬ ਅਤੇ ਹਰਿਆਣਾ 'ਚ ਵੀ ਆਈ ਵੱਡੀ ਤਬਦੀਲੀ
ਪੰਜਾਬ ਅਤੇ ਹਰਿਆਣਾ ਅਜਿਹੇ ਸੂਬੇ ਹਨ, ਜਿਨ੍ਹਾਂ ਦੇ ਰਵਾਇਤੀ ਆਧਾਰ 'ਤੇ ਪੁੱਤਰਾਂ ਦੀ ਇੱਛਾ ਵਾਲੇ ਖੇਤਰਾਂ 'ਚ ਰੱਖਿਆ ਜਾਂਦਾ ਹੈ ਪਰ ਇੱਥੇ ਵੱਡੀ ਤਬਦੀਲੀ ਦਿੱਸ ਰਹੀ ਹੈ। ਪੰਜਾਬ 'ਚ 10 ਸਾਲ 'ਚ ਇਕ ਧੀ ਵਾਲੇ ਪਰਿਵਾਰ 21 ਫੀਸਦੀ, 2 ਧੀਆਂ ਵਾਲੇ ਪਰਿਵਾਰ 37 ਫੀਸਦੀ ਅਤੇ ਤਿੰਨ ਧੀਆਂ ਵਾਲੇ ਪਰਿਵਾਰ 45 ਫੀਸਦੀ ਵਧੇ ਹਨ। ਹਰਿਆਣਾ 'ਚ ਇਹ ਅੰਕੜਾ 27 ਫੀਸਦੀ, 41 ਫੀਸਦੀ ਅਤੇ 40.4 ਫੀਸਦੀ ਹੈ। ਪੰਜਾਬ 'ਚ ਗੁਰਦਾਸਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ 'ਚ ਸਭ ਤੋਂ ਵੱਧ 31.8 ਫੀਸਦੀ, ਪਰਿਵਾਰਾਂ ਨੇ ਇਕ ਧੀ ਤੋਂ ਬਾਅਦ ਪਰਿਵਾਰ ਯੋਜਨਾਬੰਦੀ ਅਪਣਾ ਲਈ। ਹਰਿਆਣਾ ਦੇ ਪੰਚਕੂਲਾ 'ਚ ਸਭ ਤੋਂ ਵੱਧ 43.4 ਫੀਸਦੀ ਅਤੇ ਗੁਰੂਗ੍ਰਾਮ 'ਚ 41.9 ਫੀਸਦੀ ਨੇ ਖ਼ੁਦ ਨੂੰ ਇਕ ਧੀ 'ਤੇ ਰੋਕ ਲਿਆ। ਸਭ ਤੋਂ ਘੱਟ ਫਤਿਹਾਬਾਦ 'ਚ 10 ਫੀਸਦੀ ਪਰਿਵਾਰ ਮਿਲੇ।


DIsha

Content Editor

Related News