ਦੁਬਈ ''ਚ ਭਾਰਤੀ ਇੰਜੀਨੀਅਰ ਦੀ ਮੌਤ
Tuesday, Jun 09, 2020 - 02:22 AM (IST)
ਦੁਬਈ - ਸੰਯੁਕਤ ਅਰਬ ਅਮੀਰਾਤ ਦੇ ਦੁਬਈ ਵਿਚ 28 ਸਾਲ ਦੇ ਭਾਰਤੀ ਇੰਜੀਨੀਅਰ ਦੀ ਸੁੱਤੇ ਪਏ ਹੀ ਮੌਤ ਹੋ ਗਈ। ਉਸ ਨੇ ਕੋਵਿਡ-19 ਲਾਕਡਾਊਨ ਦੌਰਾਨ ਯੂ. ਏ. ਈ. ਤੋਂ ਵਾਪਸ ਦੇਸ਼ ਜਾਣ ਲਈ ਭਾਰਤ ਦੀ ਉੱਚ ਅਦਾਲਤ ਵਿਚ ਪਟੀਸ਼ਨ ਦਾਇਰ ਕਰਨ ਲਈ ਆਪਣੀ ਪਤਨੀ ਦੀ ਮਦਦ ਕੀਤੀ ਸੀ। ਉਸ ਨੇ ਕਰੀਬ 1 ਮਹੀਨੇ ਪਹਿਲਾਂ ਆਪਣੀ ਪਤਨੀ ਨੂੰ ਭਾਰਤ ਭੇਜ ਦਿੱਤਾ ਸੀ। ਗਲਫ ਨਿਊਜ਼ ਨੂੰ ਮਿ੍ਰਤਕ ਵਿਅਕਤੀ ਦੇ ਦੋਸਤਾਂ ਨੇ ਦੱਸਿਆ ਕਿ ਕੇਰਲ ਦੇ ਰਹਿਣ ਵਾਲੇ ਨਿਤੀਨ ਚੰਦ੍ਰਨ ਦਾ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬੀਮਾਰੀ ਦਾ ਇਲਾਜ ਚੱਲ ਰਿਹਾ ਸੀ ਅਤੇ ਸ਼ੱਕ ਹੈ ਕਿ ਉਸ ਨੂੰ ਸੁੱਤੇ ਪਏ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਚੰਦ੍ਰਨ ਅਤੇ ਉਸ ਦੀ 27 ਸਾਲ ਦੀ ਪਤਨੀ ਅਤੀਰਾ ਗੀਤਾ ਸ਼੍ਰੀਧਰਨ ਉਦੋਂ ਖਬਰਾਂ ਵਿਚ ਆਏ ਸਨ ਜਦ ਸ਼੍ਰੀਧਰਨ ਨੇ ਕੋਰੋਨਾਵਾਇਰਸ ਕਾਰਨ ਭਾਰਤ ਵੱਲੋਂ ਅੰਤਰਰਾਸ਼ਟਰੀ ਯਾਤਰਾ 'ਤੇ ਲਾਈਆਂ ਪਾਬੰਦੀਆਂ ਵਿਚਾਲੇ ਭਾਰਤ ਦੀ ਉੱਚ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਜਲਦੀ ਮੁਲਕ ਵਾਪਸ ਆਉਣ ਵਿਚ ਮਦਦ ਦੀ ਮੰਗ ਕੀਤੀ ਸੀ, ਕਿਉਂਕਿ ਉਹ ਗਰਭਵਤੀ ਹੈ ਅਤੇ ਉਨ੍ਹਾਂ ਦਾ ਜੁਲਾਈ ਦੇ ਪਹਿਲੇ ਹਫਤੇ ਵਿਚ ਡਿਲੀਵਰੀ ਹੋਣੀ ਹੈ। ਚੰਦ੍ਰਨ ਨੇ 7 ਮਈ ਨੂੰ ਵੰਦੇ ਭਾਰਤ ਮਿਸ਼ਨ ਦੇ ਤਹਿਤ ਪਹਿਲੇ ਹੀ ਦਿਨ ਆਪਣੀ ਪਤਨੀ ਨੂੰ ਦੁਬਈ ਤੋਂ ਭਾਰਤ ਭੇਜ ਦਿੱਤਾ ਸੀ ਅਤੇ ਖੁਦ ਇਥੇ ਰੁਕ ਗਿਆ।
ਮ੍ਰਿਤਕ ਦੇ ਦੋਸਤ ਬਿਪਨ ਜੈਕਬ ਨੇ ਦੱਸਿਆ ਕਿ ਉਸ ਨੂੰ ਚੰਦ੍ਰਨ ਦੀ ਮੌਤ ਦੀ ਖਬਰ ਪ੍ਰਵੀਣ ਤੋਂ ਮਿਲੀ। ਸ਼੍ਰੀਧਰਨ ਦੇ ਭਾਰਤ ਵਾਪਸ ਜਾਣ ਤੋਂ ਬਾਅਦ ਚੰਦ੍ਰਨ ਇਕੱਲਾ ਰਹਿ ਰਿਹਾ ਸੀ ਤਾਂ ਪ੍ਰਵੀਣ ਉਸ ਦੇ ਨਾਲ ਰਹਿਣ ਉਸ ਦੇ ਫਲੈਟ 'ਤੇ ਚੱਲਾ ਗਿਆ ਸੀ। ਹਾਲਾਂਕਿ, ਅਦਾਲਤ ਵਿਚ ਪਟੀਸ਼ਨ ਦਾਇਰ ਕਰਨ ਦਾ ਕੁਝ ਪ੍ਰਭਾਵ ਨਹੀਂ ਪਿਆ ਕਿਉਂਕਿ ਸ਼੍ਰੀਧਰਨ ਨੂੰ ਸਵਦੇਸ਼ ਵਾਪਸੀ ਦੀ ਪਹਿਲੀ ਉਡਾਣ ਵਿਚ ਦੁਬਈ ਤੋਂ ਕੋਝੀਕੋਡ ਤੱਕ ਦੀ ਟਿਕਟ ਮਿਲ ਗਈ ਸੀ। ਦੁਬਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਵਿਪੁਲ ਨੇ ਉਸ ਨੂੰ ਪਹਿਲ ਦਿੱਤੀ ਸੀ ਕਿਉਂਕਿ ਉਹ ਆਪਣੀ ਗਰਭ ਅਵਸਥਾ ਕਾਰਨ ਬਾਅਦ ਵਿਚ ਯਾਤਰਾ ਨਾ ਕਰ ਪਾਉਂਦੀ। ਅਖਬਾਰ ਨੇ ਦੱਸਿਆ ਕਿ ਲਾਸ਼ ਨੂੰ ਚੰਦ੍ਰਨ ਦੇ ਫਲੈਟ ਤੋਂ ਰਾਸ਼ਿਦ ਹਸਪਤਾਲ ਲਿਜਾਇਆ ਗਿਆ ਹੈ ਜਿਥੇ ਕੋਵਿਡ-19 ਦੀ ਜਾਂਚ ਲਈ ਉਸ ਦੇ ਨਮੂਨੇ ਲਏ ਜਾਣਗੇ ਅਤੇ ਫਿਰ ਲਾਸ਼ ਨੂੰ ਪੁਲਸ ਦੇ ਮੁਰਦਾ ਘਰ ਵਿਚ ਭੇਜ ਦਿੱਤਾ ਜਾਵੇਗਾ।