ਸਮੁੰਦਰੀ ਪ੍ਰਦੂਸ਼ਣ ''ਤੇ ਨਕੇਲ ਕੱਸੇਗਾ ''ਸਮੁੰਦਰ ਪ੍ਰਤਾਪ'' ! ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਰਵਾਇਆ ਸ਼ਾਮਲ
Monday, Jan 05, 2026 - 12:28 PM (IST)
ਪਣਜੀ- ਭਾਰਤ ਦੀ ਸਮੁੰਦਰੀ ਸੁਰੱਖਿਆ ਅਤੇ ਵਾਤਾਵਰਣ ਦੀ ਰੱਖਿਆ ਦੇ ਖੇਤਰ 'ਚ ਅੱਜ ਇਕ ਨਵਾਂ ਅਧਿਆਏ ਜੁੜ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਭਾਰਤੀ ਤਟਰੱਖਿਅਕ ਫ਼ੋਰਸ (ICG) ਲਈ ਦੇਸ਼ ਵਿੱਚ ਹੀ ਤਿਆਰ ਕੀਤੇ ਗਏ ਪਹਿਲੇ ਪ੍ਰਦੂਸ਼ਣ ਕੰਟਰੋਲ ਜਹਾਜ਼ 'ਸਮੁੰਦਰ ਪ੍ਰਤਾਪ' (Samudra Pratap) ਨੂੰ ਸੇਵਾ 'ਚ ਸ਼ਾਮਲ ਕੀਤਾ ਹੈ। ਇਸ ਮੌਕੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਤਟਰੱਖਿਅਕ ਫ਼ੋਰਸ ਦੇ ਡਾਇਰੈਕਟਰ ਜਨਰਲ ਪਰਮੇਸ਼ ਸ਼ਿਵਮਣੀ ਵੀ ਹਾਜ਼ਰ ਸਨ।
'ਸਮੁੰਦਰ ਪ੍ਰਤਾਪ' ਦੀਆਂ ਖਾਸ ਵਿਸ਼ੇਸ਼ਤਾਵਾਂ
ਇਹ ਜਹਾਜ਼ ਭਾਰਤ ਦੀ 'ਆਤਮਨਿਰਭਰਤਾ' ਦੀ ਇਕ ਉੱਤਮ ਮਿਸਾਲ ਹੈ, ਜਿਸ ਨੂੰ ਗੋਆ ਸ਼ਿਪਯਾਰਡ ਲਿਮਟਿਡ (GSL) ਦੁਆਰਾ ਡਿਜ਼ਾਈਨ ਅਤੇ ਨਿਰਮਿਤ ਕੀਤਾ ਗਿਆ ਹੈ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:
ਲੰਬਾਈ ਅਤੇ ਵਜ਼ਨ: ਇਹ ਜਹਾਜ਼ 114.5 ਮੀਟਰ ਲੰਬਾ ਹੈ ਅਤੇ ਇਸ ਦਾ ਕੁੱਲ ਵਜ਼ਨ 4,200 ਟਨ ਹੈ।
ਰਫ਼ਤਾਰ: ਇਹ ਸਮੁੰਦਰ ਵਿੱਚ 22 ਨੌਟ (Knots) ਤੋਂ ਵੱਧ ਦੀ ਰਫ਼ਤਾਰ ਨਾਲ ਚੱਲ ਸਕਦਾ ਹੈ।
ਸਵਦੇਸ਼ੀ ਤਕਨੀਕ: ਇਸ ਜਹਾਜ਼ ਦੇ ਨਿਰਮਾਣ ਵਿੱਚ 60 ਪ੍ਰਤੀਸ਼ਤ ਤੋਂ ਵੱਧ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ।
ਕੀ ਹੋਵੇਗੀ ਜਹਾਜ਼ ਦੀ ਭੂਮਿਕਾ?
ਰੱਖਿਆ ਮੰਤਰਾਲੇ ਅਨੁਸਾਰ, 'ਸਮੁੰਦਰ ਪ੍ਰਤਾਪ' ਦਾ ਮੁੱਖ ਕੰਮ ਸਮੁੰਦਰੀ ਪ੍ਰਦੂਸ਼ਣ ਕੰਟਰੋਲ ਨਿਯਮਾਂ ਨੂੰ ਲਾਗੂ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਇਹ ਜਹਾਜ਼ ਖੋਜ ਅਤੇ ਬਚਾਅ ਮੁਹਿੰਮਾਂ, ਸਮੁੰਦਰੀ ਕਾਨੂੰਨ ਲਾਗੂ ਕਰਨ ਅਤੇ ਭਾਰਤ ਦੇ ਵਿਸ਼ੇਸ਼ ਆਰਥਿਕ ਖੇਤਰ (EEZ) ਦੀ ਸੁਰੱਖਿਆ 'ਚ ਅਹਿਮ ਭੂਮਿਕਾ ਨਿਭਾਏਗਾ।
ਸਮੁੰਦਰੀ ਸਰੋਤ ਸਾਂਝੀ ਵਿਰਾਸਤ
ਰਾਜਨਾਥ ਸਿੰਘ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਸਮੁੰਦਰੀ ਸਰੋਤ ਕਿਸੇ ਇਕ ਦੇਸ਼ ਦੀ ਜਾਇਦਾਦ ਨਹੀਂ, ਸਗੋਂ ਮਨੁੱਖਤਾ ਦੀ ਸਾਂਝੀ ਵਿਰਾਸਤ ਹਨ ਅਤੇ ਇਨ੍ਹਾਂ ਦੀ ਰੱਖਿਆ ਕਰਨਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ,। ਉਨ੍ਹਾਂ ਕਿਹਾ ਕਿ ਭਾਰਤ ਅੱਜ ਇਕ ਜ਼ਿੰਮੇਵਾਰ ਸਮੁੰਦਰੀ ਸ਼ਕਤੀ ਵਜੋਂ ਉੱਭਰਿਆ ਹੈ।
ਮਹਿਲਾ ਸ਼ਕਤੀ ਦਾ ਵਧਦਾ ਕਦਮ
ਰੱਖਿਆ ਮੰਤਰੀ ਨੇ ਤਟਰੱਖਿਅਕ ਫ਼ੋਰਸ 'ਚ ਔਰਤਾਂ ਦੀ ਵਧਦੀ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਮਹਿਲਾ ਅਧਿਕਾਰੀ ਹੁਣ ਪਾਇਲਟ, ਆਬਜ਼ਰਵਰ ਅਤੇ ਏਅਰ ਟ੍ਰੈਫਿਕ ਕੰਟਰੋਲਰ ਵਰਗੀਆਂ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਹੋਵਰਕ੍ਰਾਫਟ ਚਲਾਉਣ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਅੱਜ ਔਰਤਾਂ ਸਿਰਫ ਸਹਾਇਕ ਭੂਮਿਕਾਵਾਂ 'ਚ ਹੀ ਨਹੀਂ, ਸਗੋਂ ਅਗਲੀ ਲਾਈਨ ਦੀਆਂ ਯੋਧਾਵਾਂ ਵਜੋਂ ਦੇਸ਼ ਦੀ ਸੇਵਾ ਕਰ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
